ਚੰਡੀਗੜ੍ਹ (ਮਨਮੋਹਨ ਸਿੰਘ) — ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਮਿਲੇ 16 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਹੁਣ ਤਕ ਪੰਜਾਬੀ ਭਾਸ਼ਾ ਨੂੰ ਅਧਿਕਾਰਿਕ ਰੂਪ ਨਾਲ ਸਰਕਾਰੀ ਕੰਮਕਾਜ 'ਚ ਇਸਤੇਮਾਲ ਨਹੀਂ ਕੀਤਾ ਜਾਂਦਾ। ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਬਲਜੀਤ ਸਿੰਘ ਖਾਲਸਾ ਨੇ ਸੈਕਟਰ 17 ਸਥਿਤ ਡੀ. ਸੀ. ਦਫਤਰ 'ਚ ਹੰਗਾਮਾ ਕੀਤਾ ਹਾਲਾਂਕਿ ਪੁਲਸ ਨੇ ਤਾਇਨਾਤੀ ਦੇ ਕਾਰਨ ਉਹ ਸਫਲ ਨਹੀਂ ਹੋਏ। ਖਾਲਸਾ ਡੀ. ਸੀ. ਦਫਤਰ ਦੇ ਬੋਰਡ 'ਤੇ ਕਾਲਖ ਪੋਤਣ ਆਏ ਸਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਲਜੀਤ ਸਿੰਘ ਖਾਲਸਾ ਪਿਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਮੰਤਵ ਦੀ ਪੂਰਤੀ ਲਈ ਉਹ ਵਾਰ-ਵਾਰ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਖਾਲਸਾ ਅੱਜ ਸੈਕਟਰ 17 ਸਥਿਤ ਡੀ. ਸੀ. ਦਫਤਰ ਦੇ ਬਾਹਰ ਲੱਗੇ ਬੋਰਡ 'ਤੇ ਕਾਲਖ ਪੋਤਣ ਆਏ ਸਨ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਸ ਨੂੰ ਇਸ ਘਟਨਾ ਦੇ ਵਾਪਰਨ ਦੀ ਸੂਚਨਾ ਮਿਲ ਗਈ, ਜਿਸ ਕਾਰਨ ਪੁਲਸ ਪਹਿਲਾਂ ਹੀ ਸਤਰਕ ਹੋ ਗਈ। ਖਾਲਸਾ ਜਿਵੇਂ ਹੀ ਡੀ. ਸੀ. ਦਫਤਰ ਨੇੜੇ ਹੱਥ 'ਚ ਬਾਲਟੀ ਫੜ ਕੇ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਨੂੰ ਉਥੇ ਹੀ ਰੋਕ ਲਿਆ ਤੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਕੁਝ ਸਮੇਂ ਬਾਅਦ ਪੁਲਸ ਖੁਦ ਖਾਲਸਾ ਨੂੰ ਉਸ ਦੇ ਸਾਥੀ ਸਮੇਤ ਡੀ. ਸੀ. ਨੂੰ ਮਿਲਵਾਉਣ ਲੈ ਗਈ।
ਖਾਲਸਾ ਨੇ ਦੱਸਿਆ ਕਿ ਚੰਡੀਗੜ੍ਹ 'ਚ 2001 'ਚ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਐਲਾਨ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ ਪਰ ਉਸ ਦੇ ਬਾਵਜੂਦ ਇਸ ਨੂੰ ਅਧਿਕਾਰੀਕ ਤੌਰ 'ਤੇ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ।
ਡੀ. ਸੀ. ਅਜੀਤ ਬਾਲਾਜੀ ਜੋਸ਼ੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਕ ਹਫਤੇ ਦੇ ਅੰਦਰ-ਅੰਦਰ ਬੋਰਡ 'ਤੇ ਪੰਜਾਬੀ 'ਚ ਨਾਮ ਲਿਖਵਾ ਦਿੱਤਾ ਜਾਵੇਗਾ। ਖਾਲਸਾ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਕ ਹਫਤੇ ਬਾਅਦ ਫਿਰ ਆਉਣਗੇ ਤੇ ਇਸ ਵਾਰ ਉਹ ਕਿਸੇ ਨੂੰ ਬਿਨ੍ਹਾਂ ਦੱਸੇ ਆਉਣਗੇ ਤੇ ਜੇਕਰ ਪੰਜਾਬੀ 'ਚ ਨਾਮ ਨਾ ਲਿਖਿਆ ਗਿਆ ਤਾਂ ਉਹ ਆਪਣੀ ਕਾਰਵਾਈ ਜ਼ਰੂਰ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਪੰਜਾਬ ਰਾਜਭਵਨ, ਯੂ.ਟੀ. ਸਕੱਤਰੇਤ ਤੇ ਪੁਲਸ ਮੁੱਖ ਦਫਤਰ ਦੇ ਬੋਰਡ 'ਤੇ ਕਾਲਖ ਪੋਤ ਚੁੱਕੇ ਹਨ।
ਬੁਲਟ 'ਤੇ ਪਟਾਕੇ ਪਾਉਣ ਵਾਲਿਆਂ ਦੇ ਪੁਲਸ ਨੇ ਪਾਏ ਪਟਾਕੇ
NEXT STORY