ਅੰਮ੍ਰਿਤਸਰ (ਸਰਬਜੀਤ) - ਦਲ ਖ਼ਾਲਸਾ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ 5 ਜੁਲਾਈ ਨੂੰ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਭਾਈ ਗਜਿੰਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਧਾਰਮਿਕ ਸਮਾਗਮ ਦੌਰਾਨ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਭਾਈ ਗਜਿੰਦਰ ਸਿੰਘ ਦੇ ਨਮਿੱਤ ਸ਼ਰਧਾਂਜਲੀ ਸਮਾਗਮ ਕੈਨੇਡਾ, ਜਰਮਨੀ ਅਤੇ ਇੰਗਲੈਂਡ ਵਿੱਚ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਦੇ ਲੇਖੇ ਲਾਈ ਜਿਸ ਵਿੱਚੋਂ 14 ਸਾਲ ਜੇਲ੍ਹ ਅਤੇ 29 ਸਾਲ ਜਲਾਵਤਨੀ ਦੀ ਜ਼ਿੰਦਗੀ ਬਤੀਤ ਕੀਤੀ ਅਤੇ ਆਪਣੇ ਆਖਰੀ ਸਵਾਸਾਂ ਤਕ ਸੰਘਰਸ਼ ਪ੍ਰਤੀ ਅਡੋਲ ਅਤੇ ਬੇਦਾਗ਼ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਜੀ 7 ਸੰਮੇਲਨ ਵਿਚ ਸੱਦਾ ਦੇ ਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਈ ਹੈ। ਏਥੇ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਦੋਨਾਂ ਮੁਲਕਾਂ ਵਿਚਾਲੇ ਤਣਾਅ ਅਤੇ ਨਫ਼ਰਤ ਨਹੀਂ ਚਾਹੁੰਦੇ। ਅਸੀਂ ਤਾਂ ਚਾਹੁੰਦੇ ਹਾਂ ਕਿ ਭਾਈ ਨਿੱਝਰ ਦੇ ਮਾਮਲੇ ਵਿੱਚ ਇਨਸਾਫ਼ ਹੋਵੇ ਅਤੇ ਭਾਰਤ ਸਰਕਾਰ ਵਿਦੇਸ਼ਾਂ ਅੰਦਰ ਖਾਲਿਸਤਾਨੀਆਂ ਨੂੰ ਗੈਰ-ਸੰਵਿਧਾਨਕ ਗਤੀਵਿਧੀਆਂ ਰਾਹੀਂ ਨਿਸ਼ਾਨਾ ਬਣਾਉਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਜਾਂਚ ਏਜੰਸੀ ਨੇ ਦੋ ਸਾਲ ਬੀਤ ਗਏ ਪਰ ਅਜੇ ਤੱਕ ਭਾਈ ਨਿੱਝਰ ਨੂੰ ਮਰਵਾਉਣ ਵਾਲੇ ਸਾਜ਼ਿਸ਼ ਘਾੜਿਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਸਾਹਮਣੇ ਨਹੀਂ ਲਿਆਂਦਾ।
ਉਨ੍ਹਾਂ ਕਿਹਾ ਕਿ ਭਾਈ ਨਿੱਝਰ ਦਾ ਮਾਮਲਾ ਕੇਵਲ ਸਿੱਖਾਂ ਨਾਲ ਨਹੀਂ ਜੁੜਿਆ ਸਗੋਂ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਰਾਜ ਨਾਲ ਵੀ ਜੁੜਿਆ ਹੈ। ਉਨ੍ਹਾਂ ਕਿਹਾ ਕਿ ਜੀ 7 ਸੰਮੇਲਨ ਵਿੱਚ ਪਹਿਲੀ ਵਾਰ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਹੋਈ ਹੈ ਅਤੇ ਭਾਈ ਨਿੱਝਰ ਦੀ ਮੌਤ ਤੋਂ ਬਾਅਦ ਹੀ ਅਮਰੀਕਾ-ਕੈਨੇਡਾ ਮੁਲਕਾਂ ਵਿੱਚ ਇਸ ਸ਼ਬਦ ਦੀ ਵਰਤੋਂ ਸ਼ੁਰੂ ਹੋਈ ਹੈ ਅਤੇ ਇਹ ਸਭ ਸਿੱਖਾਂ ਦੀਆਂ ਕੋਸ਼ਿਸ਼ਾਂ ਸਦਕਾ ਹੋ ਸਕਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਪ੍ਰਤੀਨਿਧ ਜੀ 7 ਵਿੱਚ ਮੌਜੂਦ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਚਿੰਤਾਵਾਂ ਨੇ ਉੱਥੇ ਆਪਣੀ ਮੌਜੂਦਗੀ ਦਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਨਵੀਂ ਬਣੀ ਸਰਕਾਰ ਨੇ ਵਪਾਰ ਅਤੇ ਆਰਥਿਕਤਾ ਨੂੰ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਤੋ ਉੱਪਰ ਪਹਿਲ ਦਿੱਤੀ ਗਈ ਹੈ ਜਿਸ ਨਾਲ ਸਿੱਖ ਅਵਾਮ ਅੰਦਰ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ ।
ਦਲ ਖ਼ਾਲਸਾ ਆਗੂ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਖਤਾਂ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੇ ਵਿਧੀ ਵਿਧਾਨ ਬਨਾਉਣ ਦੀ ਆਰੰਭੀ ਪ੍ਰਕਿਰਿਆ ਵਿੱਚ ਵਰਤੀ ਜਾ ਰਹੀ ਢਿੱਲ-ਮੱਠ ਦਾ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਸਿੱਖ ਵਿਦਵਾਨਾਂ ਤੇ ਮਾਹਿਰਾਂ ਦੀ ਕਮੇਟੀ ਦਾ ਗਠਨ ਤੱਕ ਨਹੀਂ ਕੀਤਾ, ਜਿਨ੍ਹਾਂ ਨੇ ਸਿੱਖ ਅਵਾਮ ਤੇ ਸੰਸਥਾਵਾਂ ਵੱਲੋਂ ਆਏ ਸੁਝਾਵਾਂ ਦੀ ਘੋਖ ਕਰਨੀ ਹੈ। ਉਨ੍ਹਾਂ 6 ਜੂਨ ਤੋਂ ਪਹਿਲਾਂ ਅਕਾਲੀ ਦਲ ਅਤੇ ਦਮਦਮੀ ਟਕਸਾਲ ਦੇ ਮੁਖੀ ਦਰਮਿਆਨ ਬਣੇ ਤਣਾਅ ਪੂਰਨ ਹਾਲਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪੂਰਾ ਜ਼ੋਰ ਬਾਬਾ ਹਰਨਾਮ ਸਿੰਘ ਨੂੰ ਸੰਤੁਸ਼ਟ ਕਰਨ ਤੇ ਲੱਗਾ ਹੈ ਅਤੇ ਅਕਾਲੀ ਦਲ ਨੂੰ ਬਾਕੀ ਪੰਥ ਭੁੱਲਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜਥੇਦਾਰਾਂ ਦੀਆਂ ਹੋਈਆਂ ਨਿਯੁਕਤੀਆਂ ਨੂੰ ਪੰਥ ਦੇ ਵੱਡੇ ਹਿੱਸੇ ਨੇ ਪ੍ਰਵਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧੀ ਵਿਧਾਨ ਅਨੁਸਾਰ ਅਤੇ ਪੰਥ ਨੂੰ ਭਰੋਸੇ ਵਿੱਚ ਲੈ ਕੇ ਪੰਥਕ ਸਿਸਟਮ ਅਨੁਸਾਰ ਹੋਈ ਨਿਯੁਕਤੀ ਹੀ ਪੰਥ ਨੂੰ ਪ੍ਰਵਾਨ ਹੋਵੇਗੀ।
ਘਰ ਦੇ ਬਾਹਰ ਖੜ੍ਹੀ ਐਕਟਿਵਾ ਲੈ ਗਏ 3 ਚੋਰ, ਵਾਰਦਾਤ CCTV ’ਚ ਕੈਦ
NEXT STORY