ਜਲੰਧਰ (ਜ.ਬ.) : ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹਾ ਕਿ ਸਰਬਜੀਤ ਦੀ ਭੈਣ ਹੋਣ ਦਾ ਦਾਅਵਾ ਕਰਨ ਵਾਲੀ ਬਲਜਿੰਦਰ ਕੌਰ ਜੇਕਰ ਇਹ ਸਾਬਿਤ ਕਰ ਦੇਵੇ ਕਿ ਉਹ ਸਰਬਜੀਤ ਦੀ ਭੈਣ ਹੈ ਤਾਂ ਫਿਰ ਉਹ ਵੀ ਡੀ. ਐੱਨ. ਏ. ਟੈਸਟ ਬਾਰੇ ਸੋਚ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਮਾਮਲਾ ਕੋਰਟ 'ਚ ਹੈ। ਜਦੋਂਕਿ ਬਲਜਿੰਦਰ ਕੌਰ ਪੈਸਿਆਂ ਦੇ ਲਾਲਚ 'ਚ ਆਪਣੇ ਆਪ ਨੂੰ ਸਰਬਜੀਤ ਦੀ ਭੈਣ ਦੱਸ ਰਹੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਦਲਬੀਰ ਕੌਰ ਨੇ ਕਿਹਾ ਕਿ ਉਸਦੇ ਭਰਾ ਸਰਬਜੀਤ ਸਿੰਘ ਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਦਲਬੀਰ ਕੌਰ ਨੇ ਮੰਨਿਆ ਕਿ ਜਦੋਂ ਸਰਬਜੀਤ ਪਾਕਿਸਤਾਨ ਦੀ ਸਰਹੱਦ ਅੰਦਰ ਦਾਖਲ ਹੋਇਆ ਤਾਂ ਉਸਨੇ ਸ਼ਰਾਬ ਪੀਤੀ ਹੋਈ ਸੀ ਪਰ ਭਾਰਤ ਸਰਕਾਰ ਵਲੋਂ ਸਰਬਜੀਤ ਨੂੰ ਨਸ਼ਾ ਸਪਲਾਇਰ ਦੱਸਣ ਦੀ ਗੱਲ 'ਤੇ ਉਨ੍ਹਾਂ ਹਾਮੀ ਨਹੀਂ ਭਰੀ। ਉਨ੍ਹਾਂ ਕਿਹਾ ਕਿ ਜੇਕਰ ਸਰਬਜੀਤ ਨਸ਼ਾ ਸਪਲਾਇਰ ਹੁੰਦਾ ਤਾਂ ਉਹ ਪਹਿਲਾਂ ਕਿਉਂ ਨਹੀਂ ਫੜਿਆ ਗਿਆ। ਦਲਬੀਰ ਕੌਰ ਨੇ ਕਿਹਾ ਕਿ ਇਸ ਮਾਮਲੇ ਬਾਰੇ ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੀ ਸੀ ਪਰ ਉਨ੍ਹਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਦਲਬੀਰ ਕੌਰ ਨੇ ਕਿਹਾ ਕਿ ਸਰਬਜੀਤ 'ਤੇ ਬਲਜਿੰਦਰ ਜੋ ਫਿਲਮ ਬਣਾ ਰਹੀ ਹੈ, ਉਸ ਨਾਲ ਸਰਬਜੀਤ ਦਾ ਅਕਸ ਖਰਾਬ ਹੋਵੇਗਾ। ਉਨ੍ਹਾਂ ਕਿਹਾ ਕਿ ਬਲਜਿੰਦਰ ਕੌਰ ਨੂੰ ਤਾਂ ਇਹ ਤੱਕ ਨਹੀਂ ਪਤਾ ਕਿ ਸਰਬਜੀਤ ਨੂੰ ਕਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ।
ਦੋਸ਼ ਹੈ ਕਿ ਬਲਜਿੰਦਰ ਕੌਰ ਨੇ ਖੁਦ ਹੀ ਕੋਰਟ 'ਚ ਲਿਖ ਕੇ ਕਿਹਾ ਸੀ ਕਿ ਸਰਬਜੀਤ ਨੂੰ ਮਿਲਣ ਨਾ ਹੀ ਉਹ ਪਾਕਿਸਤਾਨ ਦੀ ਜੇਲ 'ਚ ਗਈ ਅਤੇ ਨਾ ਸਰਬਜੀਤ ਨੇ ਉਸਨੂੰ ਕੋਈ ਚਿੱਠੀ ਲਿਖੀ। ਦਲਬੀਰ ਕੌਰ ਦਾ ਕਹਿਣਾ ਹੈ ਕਿ ਬਲਜਿੰਦਰ ਕੌਰ ਦੀਆਂ ਹੋਰ ਭੈਣਾਂ ਵੀ ਉਨ੍ਹਾਂ ਨੂੰ ਲਿਖ ਕੇ ਦੇ ਚੁੱਕੀਆਂ ਹਨ ਕਿ ਸਾਡਾ ਸਰਬਜੀਤ ਨਾਲ ਕੋਈ ਨਾਤਾ ਨਹੀਂ ਹੈ, ਜਦੋਂਕਿ ਸਰਬਜੀਤ ਦੀ ਬੇਟੀ ਪੂਨਮ ਨੇ ਕਿਹਾ ਹੈ ਕਿ ਉਸਦੇ ਪਿਤਾ ਦੀ ਭੈਣ ਦਲਬੀਰ ਕੌਰ ਹੀ ਹੈ। ਦਲਬੀਰ ਕੌਰ ਨੇ ਸਾਫ ਕਿਹਾ ਕਿ ਬਲਜਿੰਦਰ ਕੌਰ ਝੂਠੇ ਦਾਅਵੇ ਕਰ ਰਹੀ ਹੈ।
ਜਾਖੜ ਦੀ ਨਾਮਜ਼ਦਗੀ ਭਰਨ ਮੌਕੇ ਚਰਚਾ 'ਚ ਰਹੀ ਪ੍ਰਤਾਪ ਬਾਜਵਾ ਦੀ ਗੈਰ-ਮੌਜੂਦਗੀ
NEXT STORY