ਰੋਪੜ (ਸੱਜਣ ਸੈਣੀ) : ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਣਕ ਦੀ ਖਰੀਦ ਵਾਸਤੇ ਬਾਰਦਾਨੇ ਦੀ ਘਾਟ ਇਕ ਗਿਣੀ-ਮਿੱਥੀ ਸਾਜ਼ਿਸ਼ ਦਾ ਨਤੀਜਾ ਹੈ, ਜਿਸ ਤਹਿਤ ਜਾਣ -ਬੁੱਝ ਕੇ ਜੂਟ ਬੈਗ ਦੀ ਖਰੀਦ ਵਿਚ ਦੇਰੀ ਕੀਤੀ ਗਈ ਅਤੇ ਘਾਟ ਦੀ ਸਥਿਤੀ ਪੈਦਾ ਕਰ ਅਮਰਜੈਂਸੀ ਹਾਲਾਤ ਬਣਾ ਕੇ ਸਥਾਨਕ ਪੱਧਰ ’ਤੇ ਪਲਾਸਟਿਕ ਬੈਗ ਖ਼ਰੀਦ ਕੇ ਵੱਡੀ ਹੇਰਾ-ਫੇਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਪਲੇ ਲਈ ਲਈ ਕੈਬਨਿਟ ਭਾਰਤ ਭੂਸ਼ਣ ਆਸ਼ੂ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਘਪਲੇ ਦੀ ਉਚ ਪੱਧਰੀ ਨਿਆਇਕ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਵੱਡੇ ਪੱਧਰ ’ਤੇ ਘਪਲੇ ਕਰਨ ਵਾਸਤੇ ਮੰਤਰੀ ਆਸ਼ੂ ਨੇ ਵੱਡੀ ਸਾਜ਼ਿਸ਼ ਰਚੀ ਹੈ ਤੇ ਜਾਣ-ਬੁੱਝ ਕੇ ਬਾਰਦਾਨੇ ਦੀ ਕਮੀ ਪੈਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਆਪ ਪੈਦਾ ਕੀਤੀ ਗਈ ਸਮੱਸਿਆ ਹੈ, ਜਿਸ ਦਾ ਮਕਸਦ ਸਿਰਫ ਲੋਕਲ ਪੱਧਰ ’ਤੇ ਪਲਾਸਟਿਕ ਦਾ ਬਾਰਦਾਨਾ ਖਰੀਦਣ ਲਈ ਹਾਲਾਤ ਪੈਦਾ ਕਰਨਾ ਤੇ ਇਸ ਪਲਾਸਟਿਕ ਦੇ ਬਾਰਦਾਨੇ ਦੀ ਖਰੀਦ ਵਿਚ ਵੱਡਾ ਘਪਲਾ ਕਰਨਾ ਹੈ। ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਮੰਤਰੀ ਆਸ਼ੂ ਨੇ ਸਿਰਫ ਸ਼ੁਰੂਆਤ ਵਿਚ ਹੀ ਬਾਰਦਾਨੇ ਦੀ ਸਮੇਂ ਸਿਰ ਖਰੀਦ ਨਹੀਂ ਕੀਤੀ, ਸਗੋਂ ਬਾਅਦ ਵਿਚ ਸੈਕਿੰਡ ਹੈਂਡ ਬਾਰਦਾਨਾ ਖਰੀਦਣ ਵਿਚ ਵੀ ਨਾਕਾਮ ਰਹੇ।
ਉਨ੍ਹਾਂ ਕਿਹਾ ਕਿ ਹੁਣ ਆੜ੍ਹਤੀਆਂ ਨੂੰ ਬਾਰਦਾਨੇ ਦੀ ਕੀਮਤ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਪਿਛਲੇ ਸਾਲ ਦੇ 131 ਕਰੋੜ ਰੁਪਏ ਦੀ ਅਦਾਇਗੀ ਆੜ੍ਹਤੀਆਂ ਨੂੰ ਹੋਣੀ ਹਾਲੇ ਬਾਕੀ ਹੈ। ਡਾ. ਚੀਮਾ ਨੇ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਅਮਰਿੰਦਰ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕਣਕ ਦੀ ਖਰੀਦ ਸਹੀ ਤਰੀਕੇ ਹੋ ਰਹੀ ਹੈ, ਨਾ ਹੀ ਕਣਕ ਦੀ ਲਿਫਟਿੰਗ ਹੋ ਰਹੀ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਰੂਪਨਗਰ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਬੇਅਦਬੀ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਸਿੱਟ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ 'ਤੇ ਵੀ ਇਸ ਮੌਕੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਘਟੀਆ ਸਿਆਸਤ ਕੀਤੀ ਹੈ।
72 ਘੰਟਿਆਂ ’ਚ ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਨਸ਼ੇ ’ਚ ਦੋਸਤ ਹੀ ਨਿਕਲਿਆ ਦੋਸਤ ਦਾ ਕਾਤਲ
NEXT STORY