ਮਾਛੀਵਾੜਾ ਸਾਹਿਬ (ਵੈੱਬ ਡੈਸਕ): ਅੱਜ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨਾਲ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਬੰਦ ਕਮਰਾ ਮੀਟਿੰਗ ਕੀਤੀ ਜੋ ਕਿ ਡੇਢ ਘੰਟਾ ਚੱਲੀ। ਜਥੇਦਾਰ ਸਾਹਿਬ ਨਾਲ ਮੀਟਿੰਗ ਵਿਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਪਰਮਜੀਤ ਸਿੰਘ ਸਰਨਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਮੌਜੂਦ ਸਨ। ਮੀਟਿੰਗ ਤੋਂ ਬਾਅਦ ਜਦੋਂ ਦਲਜੀਤ ਸਿੰਘ ਚੀਮਾ ਪ੍ਰੈੱਸ ਕਾਨਫਰੰਸ ਕਰ ਰਹੇ ਸਨ ਤਾਂ ਜਥੇਦਾਰ ਰਘਬੀਰ ਸਿੰਘ ਅਤੇ ਬਾਕੀ ਲੀਡਰਸ਼ਿਪ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ ਜਥੇਦਾਰ ਸਾਹਿਬ ਸ਼ਹੀਦੀ ਜੋੜ ਮੇਲ ਕਾਰਨ ਮਾਛੀਵਾੜਾ ਦੀ ਇਤਿਹਾਸਕ ਧਰਤੀ ’ਤੇ ਨਤਮਸਤਕ ਹੋਣ ਆਏ ਸਨ ਜਿਨ੍ਹਾਂ ਮਿਲਣ ਲਈ ਸਮਾਂ ਦਿੱਤਾ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੇ ਜਥੇਦਾਰ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੀ ਪਾਰਟੀ ਦੇ ਸਮੂਹ ਆਗੂ ਤੇ ਵਰਕਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਅਤੇ ਉਨ੍ਹਾਂ ਦਾ ਹਰ ਹੁਕਮ ਮੰਨਣ ਨੂੰ ਪਾਬੰਦ ਹਨ, ਪਰ ਪਾਰਟੀ ਦੇ ਸੰਵਿਧਾਨ ਅਨੁਸਾਰ ਤੇ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕੁਝ ਕਾਨੂੰਨੀ ਕਾਰਵਾਈਆਂ ਨੂੰ ਧਿਆਨ ਵਿਚ ਰੱਖਣਾ ਹੁੰਦਾ ਹੈ, ਇਸ ਲਈ ਸ਼ਹੀਦੀ ਜੋੜ ਮੇਲਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਅਗਲੇ ਫੈਸਲੇ ਲਏ ਜਾਣਗੇ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਬਦਲਿਆ ਜਾਵੇਗਾ SGPC ਪ੍ਰਧਾਨ! ਧਾਮੀ ਦੀ ਜਗ੍ਹਾ ਇਸ ਆਗੂ ਨੂੰ ਸੌਂਪੀ ਜਾ ਸਕਦੀ ਹੈ ਜ਼ਿੰਮੇਵਾਰੀ
ਡਾ. ਚੀਮਾ ਨੇ ਕਿਹਾ ਕਿ ਉਹ ਇਹ ਸਾਰਾ ਮਾਮਲਾ ਸਿੰਘ ਸਾਹਿਬ ਦੇ ਧਿਆਨ ਵਿਚ ਲਿਆਉਣ ਲਈ ਇੱਥੇ ਪੁੱਜੇ ਹਨ। ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਲਈ ਕੁਝ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ ਪਰ ਕੁਝ ਲੋਕ ਪਾਰਟੀ ਖਿਲਾਫ਼ ਬਿਆਨਬਾਜ਼ੀ ਕਰਕੇ ਗਲਤਫਹਿਮੀਆਂ ਪੈਦਾ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਇੱਕਜੁਟਤਾ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਇੱਕਜੁਟ ਹੈ ਪਰ ਜੇਕਰ ਕਿਸੇ ਆਗੂ ਦੇ ਮਨ ਵਿਚ ਖੋਟ ਹੈ ਤਾਂ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਭਾਵੇਂ ਕਿ ਡਾ. ਦਲਜੀਤ ਸਿੰਘ ਚੀਮਾ ਵਲੋਂ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਜਥੇਦਾਰ ਸਾਹਿਬ ਕੋਲ ਆਪਣਾ ਪੱਖ ਰੱਖਣ ਦੀ ਗੱਲ ਆਖੀ ਪਰ ਜਿਵੇਂ ਅਕਾਲੀ ਦਲ ਦੀ ਮੌਜੂਦਾ ਸੀਨੀਅਰ ਲੀਡਰਸ਼ਿਪ ਸਮੇਤ ਦਿੱਲੀ ਤੋਂ ਆਗੂ ਇੱਥੇ ਪੁੱਜੇ ਸਨ, ਇਸ ਲਈ ਬੰਦ ਕਮਰਾ ਮੀਟਿੰਗ ਦੇ ਭੇਤ ਕਾਫ਼ੀ ਗਹਿਰੇ ਹਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖਫ਼ਾ ਨਹੀਂ ਕੇਵਲ ਮੀਡੀਆ ਕਿਆਸਰਾਈਆਂ
ਡਾ. ਦਲਜੀਤ ਸਿੰਘ ਚੀਮਾ ਕੋਲੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਬਰਖਾਸਤ ਕੀਤਾ ਗਿਆ ਹੈ ਅਤੇ ਉਸ ਫੈਸਲੇ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਖਫ਼ਾ ਹਨ। ਇਸ ’ਤੇ ਆਪਣਾ ਜਵਾਬ ਦਿੰਦਿਆਂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸਿਰਫ਼ ਮੀਡੀਆ ਕਿਆਸਰਾਈਆਂ ਹਨ ਕਿਉਂਕਿ ਅੱਜ ਜਥੇਦਾਰ ਸਾਹਿਬਾਨ ਨਾਲ ਲੰਮਾ ਸਮਾਂ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਅਜਿਹਾ ਕੋਈ ਵਿਚਾਰ ਨਹੀਂ ਦਿੱਤਾ।
72 ਘੰਟੇ ’ਚ ਇਲਾਕੇ ਦੀਆਂ 2 ਮੀਟਿੰਗਾਂ ਨੇ ਨਵੀਂ ਹਲਚਲ ਪੈਦਾ ਕੀਤੀ
ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿਛਲੇ 72 ਘੰਟੇ ਵਿਚ ਇਲਾਕੇ ਵਿਚ 2 ਮੀਟਿੰਗਾਂ ਨੇ ਨਵੀਂ ਹਲਚਲ ਪੈਦਾ ਕੀਤੀ ਹੋਈ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਇਲਾਕੇ ਦੇ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਵਿਖੇ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਮੁਅੱਤਲ ਕਰਨ, ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਖਫ਼ਾ ਹੋਣ ਦੀ ਚਰਚਾ ਤੋਂ ਬਾਅਦ ਇਸ ਇਲਾਕੇ ਵਿਚ ਦੂਜੀ ਮੀਟਿੰਗ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹੋਣੀ ਹੈਰਾਨੀ ਦਾ ਵਿਸ਼ਾ ਬਣੀ ਹੋਈ ਹੈ। ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਮੰਗਲੀ, ਸਰਬੰਸ ਸਿੰਘ ਮਾਣਕੀ, ਹਰਜਤਿੰਦਰ ਸਿੰਘ ਬਾਜਵਾ, ਕੌਮੀ ਜਨਰਲ ਸਕੱਤਰ ਪਰਮਜੀਤ ਢਿੱਲੋਂ, ਜ਼ਿਲ੍ਹਾ ਜਥੇਦਾਰ ਜਸਮੇਲ ਸਿੰਘ ਬੌਂਦਲੀ ਵੀ ਮੌਜੂਦ ਸਨ ਪਰ ਉਹ ਬੰਦ ਕਮਰਾ ਮੀਟਿੰਗ ਵਿਚ ਨਹੀਂ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਥੇਦਾਰ ਸਾਹਿਬ ਕੋਲੋਂ ਅੰਮ੍ਰਿਤਸਰ ਵਿਖੇ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ, ਪਰ ਉਨ੍ਹਾਂ ਨੇ ਇੱਥੇ ਆਉਣਾ ਸੀ ਇਸ ਲਈ ਇਹ ਮੁਲਾਕਾਤ ਇੱਥੇ ਹੋਈ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਪਾਰਟੀ ਦੀ ਵਰਕਿੰਗ ਨਾਲ ਜੁੜੇ ਸੰਵਿਧਾਨਕ, ਕਾਨੂੰਨੀ ਅਤੇ ਤਕਨੀਕੀ ਪਹਿਲੂਆਂ ਬਾਰੇ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ, ਉਨ੍ਹਾਂ ਵੱਲੋਂ ਜਾਰੀ ਹਰ ਹੁਕਮ ਨੂੰ ਮੰਨਿਆ ਜਾਵੇਗਾ ਤੇ ਸਾਨੂੰ ਜੋ ਜੋ ਆਦੇਸ਼ ਹੋਏ ਹਨ, ਅਸੀਂ ਉਨ੍ਹਾਂ ਨੂੰ ਪੂਰਾ ਜ਼ਰੂਰ ਕਰਾਂਗੇ।
ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੋੜ ਮੇਲਿਆਂ ਮਗਰੋਂ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਜਾਵੇਗੀ ਤੇ ਉਸ ਵਿਚ ਵਿਚਾਰ ਵਟਾਂਦਰੇ ਮਗਰੋਂ ਫ਼ੈਸਲੇ ਲਏ ਜਾਣਗੇ। ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਬਾਰੇ ਪੁੱਛੇ ਜਾਣ 'ਤੇ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ ਤੇ ਉਹ ਹੁਣ ਵੀ ਇਸ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਰਿਵਾਰਕ ਰੁਝੇਵਿਆਂ ਕਾਰਨ ਆਪ ਹੀ ਕੁਝ ਦਿਨਾਂ ਲਈ ਛੁੱਟੀ ਮੰਗ ਰਹੇ ਹਨ। ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸਾਰਿਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਜੋ ਵੀ ਫ਼ੈਸਲਾ ਹੋਇਆ ਉਹ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਅਕਾਲੀ ਆਗੂਆਂ ਵਿਚਾਲੇ ਬੰਦ ਕਮਰਾ ਮੀਟਿੰਗ (ਵੀਡੀਓ)
NEXT STORY