ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਚਾਰ ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਕਰਵਾਉਣ ਲਈ ਪੰਜਾਬ ਅੰਦਰ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ। ਇਸ ਤੋਂ ਇਲਾਵਾ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਪਾਰਟੀ ਨੇ ਸਾਰੇ ਬੂਥਾਂ ਦੀ ਵੀਡੀਓਗਰਾਫੀ ਕਰਵਾਉਣ ਦੀ ਵੀ ਮੰਗ ਕੀਤੀ ਹੈ। ਇਸ ਸਬੰਧੀ ਇਕ ਮੰਗ ਪੱਤਰ ਮੁੱਖ ਚੋਣ ਅਧਿਕਾਰੀ ਨੂੰ ਦੇਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਕਾਂਗਰਸ ਪਾਰਟੀ ਜ਼ਿਮਨੀ ਚੋਣਾਂ ਵਾਲੇ ਚਾਰੇ ਵਿਧਾਨ ਸਭਾ ਹਲਕਿਆਂ ਅੰਦਰ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਦੇ ਇਸ ਹਥਕੰਡੇ ਨੂੰ ਨਾਕਾਮ ਕਰਨ ਲਈ ਨੀਮ ਫੌਜੀ ਦਸਤਿਆਂ ਨੂੰ ਤਾਇਨਾਤ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਸਾਰੇ ਬੂਥਾਂ ਦੀ ਅੰਦਰੋਂ ਅਤੇ ਬਾਹਰੋ ਵੀਡੀਓਗ੍ਰਾਫੀ ਕੀਤੀ ਜਾਵੇ। ਅਕਾਲੀ ਦਲ ਨੇ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਚੋਣ ਨਿਗਰਾਨਾਂ ਦੀ ਗਿਣਤੀ ਵਧਾਉਣ ਦੀ ਵੀ ਮੰਗ ਕੀਤੀ।
ਇਕ ਹੋਰ ਵਫ਼ਦ ਰਾਹੀਂ ਅਕਾਲੀ ਦਲ ਨੇ ਦਾਖਾ ਵਿਧਾਨ ਸਭਾ ਹਲਕੇ ਅੰਦਰ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਦਾਖਾ ਦੇ ਐੱਸ. ਐੱਚ. ਓ. ਪ੍ਰੇਮ ਸਿੰਘ ਦਾ ਲੁਧਿਆਣਾ ਜ਼ਿਲੇ 'ਚੋਂ ਤਬਾਦਲਾ ਕਰਨ ਅਤੇ ਉਸ ਵਲੋਂ ਕੀਤੀਆਂ ਧੱਕੇਸ਼ਾਹੀਆਂ ਅਤੇ ਬੇਨਿਯਮੀਆਂ ਦੀ ਇਕ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਵਫ਼ਦ ਨੇ ਕਿਹਾ ਕਿ ਇਹ ਐੱਸ. ਐੱਚ. ਓ. ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਵਿਰੋਧੀਆਂ ਨੂੰ ਧਮਕਾਉਣ ਲਈ ਇਸ ਨੂੰ ਦਾਖਾ ਵਿਖੇ ਲਾ ਦਿੱਤਾ ਗਿਆ ਸੀ। ਚੀਮਾ ਨੇ ਐੱਸ. ਐੱਚ. ਓ. ਵਲੋਂ ਅਤੀਤ 'ਚ ਇਕ ਉਮੀਦਵਾਰ ਨੂੰ ਦਿੱਤੀਆਂ ਧਮਕੀਆਂ ਦੀ ਆਡੀਓ ਵੀ ਚੋਣ ਅਧਿਕਾਰੀ ਨੂੰ ਸੌਂਪੀ। ਵਫ਼ਦ 'ਚ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ, ਅਕਾਲੀ ਦਲ ਦੇ ਕਾਨੂੰਨੀ ਸੈੱਲ ਵਲੋਂ ਅਰਸ਼ਦੀਪ ਸਿੰਘ ਕਲੇਰ ਅਤੇ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਵੀ ਸ਼ਾਮਲ ਸਨ।
ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਵੇਗਾ : ਨਿਸ਼ੰਕ
NEXT STORY