ਪਟਿਆਲਾ : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਵਿਚਾਲੇ ਚੱਲਦਾ ਆ ਰਿਹਾ ਵਿਵਾਦ ਹੁਣ ਹੋਰ ਭਖ ਗਿਆ ਹੈ। ਦਮਦਮੀ ਟਕਸਾਲ ਦੇ ਬੁਲਾਰੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਂ ਜ਼ਮੀਨ ਹੋਣ ਦਾ ਖ਼ੁਲਾਸਾ ਕੀਤਾ ਹੈ। ਦਮਦਮੀ ਟਕਸਾਲ ਦੇ ਮੀਡੀਆ ਬੁਲਾਰੇ ਪ੍ਰੋ. ਸਰਚਾਂਦ ਸਿੰਘ ਨੇ ਜਾਰੀ ਬਿਆਨ 'ਚ ਭਾਈ ਢੱਡਰੀਆਂ ਵਾਲੇ ਦੇ ਨਾਂ ਜ਼ਮੀਨ ਹੋਣ ਦੀਆਂ ਫਰਦਾਂ ਵੀ ਮੀਡੀਆ ਨੂੰ ਜਾਰੀ ਕੀਤੀਆਂ ਹਨ। ਉਨ੍ਹਾਂ ਪ੍ਰਚਾਰ ਦੌਰਾਨ ਕੀਤੇ ਦਾਅਵਿਆਂ ਅਨੁਸਾਰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਸਟੇਜ ਛੱਡਣ ਲਈ ਵੀ ਵੰਗਾਰਿਆ ਹੈ।
ਮੀਡੀਆ 'ਚ ਛਪੀਆਂ ਰਿਪੋਰਟਾਂ ਮੁਤਾਬਕ ਸਰਚਾਂਦ ਸਿੰਘ ਨੇ ਕਿਹਾ ਕਿ ਭਾਈ ਢੱਡਰੀਆਂ ਵਾਲੇ ਵੱਲੋਂ ਸਟੇਜ ਤੋਂ ਅਤੇ ਮੀਡੀਆ ਇੰਟਰਵਿਊ ਦੌਰਾਨ ਉਸ ਦੇ ਨਾਂ ਕੋਈ ਪ੍ਰਾਪਰਟੀ ਨਾ ਹੋਣ ਅਤੇ ਸਾਰੀ ਪ੍ਰਾਪਰਟੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਨ ਸਬੰਧੀ ਦਾਅਵੇ ਕੀਤੇ ਗਏ ਹਨ। ਇਹ ਐਲਾਨ ਕੀਤਾ ਜਾ ਰਿਹਾ ਸੀ ਕਿ ਉਸ ਦੇ ਨਾਂ ਪ੍ਰਾਪਰਟੀ ਦਿਖਾ ਦੇਣ 'ਤੇ ਉਹ ਸਟੇਜ ਛੱਡ ਦੇਵੇਗਾ। ਸਰਚਾਂਦ ਸਿੰਘ ਨੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਆਨ-ਲਾਈਨ ਫਰਦ ਅਤੇ ਜਮ੍ਹਾਂਬੰਦੀਆਂ ਸਬੂਤ ਵਜੋਂ ਪੇਸ਼ ਕਰਦਿਆਂ ਕਿਹਾ ਕਿ ਜ਼ਿਲਾ ਪਟਿਆਲਾ ਦੇ ਪਿੰਡ ਸ਼ੇਖੂਪੁਰ ਦੀ ਜਮ੍ਹਾਂਬੰਦੀ 1017-18 ਹੱਦਬਸਤ ਨੰਬਰ 50 'ਤੇ ਖੇਵਟ ਨੰਬਰ 80 ਅਤੇ ਖਤੌਨੀ ਨੰਬਰ 124 ਵਿਚ ਮਾਲਕ ਦਾ ਨਾਂ ਅਤੇ ਵੇਰਵੇ 'ਚ ਭਾਈ ਢੱਡਰੀਆਂ ਵਾਲੇ ਦਾ ਨਾਂ ਦਰਜ ਹੈ।
ਇਸ ਤੋਂ ਇਲਾਵਾ ਖੇਵਟ ਨੰ: 110 ਤੇ ਖਤੌਨੀ ਨੰ: 178 'ਤੇ ਕਾਸ਼ਤਕਾਰ ਵਜੋਂ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ 1/2 ਹਿੱਸਾ, ਗੁਰਦੁਆਰਾ ਪ੍ਰਮੇਸ਼ਵਰ ਦੁਆਰ ਸਾਹਿਬ ਸ਼ੇਖੂਪੁਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 1/2 ਹਿੱਸਾ ਮੁਸ਼ਤਰਿਆਨ ਕਾਸ਼ਤ ਮੁਸ਼ਤਰਿਆਨ ਵਜੋਂ ਦਰਜ ਹਨ। ਇਸੇ ਤਰ੍ਹਾਂ ਹੀ ਖੇਵਟ ਨੰ: 112 ਦੇ ਖਤੌਨੀ 181 'ਤੇ ਪ੍ਰਮੇਸ਼ਵਰ ਦੁਆਰ ਚੈਰੀਟੇਬਲ ਟਰੱਸਟ ਸ਼ੇਖੂਪੁਰ 125/494 ਹਿੱਸਾ ਅਤੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਸਾਹਿਬ 369/494 ਹਿੱਸਾ ਵਜੋਂ ਦਰਜ ਹੋਣ ਨਾਲ ਸਪੱਸ਼ਟ ਹੈ ਕਿ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਜਾਂ ਟਰੱਸਟ ਨੂੰ ਨਾਲ ਜੋੜਿਆ ਗਿਆ ਹੈ।
ਕਰਜ਼ੇ ਕਰਕੇ ਸਮੱਸਿਆ ਆਈ
ਇਸ ਮਾਮਲੇ ਸਬੰਧੀ ਭਾਈ ਢੱਡਰੀਆਂ ਵਾਲੇ ਨਾਲ ਫੋਨ 'ਤੇ ਸੰਪਰਕ ਕੀਤਾ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ਪਰ ਉਨ੍ਹਾਂ ਦੇ ਸੇਵਾਦਾਰ ਨੇ ਆਪਣਾ ਪੱਖ ਦਿੰਦਿਆਂ ਦੱਸਿਆ ਕਿ ਅਸਲ 'ਚ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਨਾਂ 32 ਏਕੜ ਜ਼ਮੀਨ ਹੈ, ਜਿਸ 'ਚੋਂ 30 ਏਕੜ ਤਾਂ ਬਾਬਾ ਜੀ ਵੱਲੋਂ ਸ਼ੁਰੂ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਗਵਾਈ ਹੋਈ ਹੈ, ਸਿਰਫ਼ ਦੋ ਏਕੜ ਜ਼ਮੀਨ ਬੈਂਕ ਲੋਨ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਹੀਂ ਲਗਵਾਈ ਜਾ ਸਕੀ ਸੀ। ਉਨ੍ਹਾਂ ਕਿਹਾ ਕਿ ਲੋਨ ਖ਼ਤਮ ਹੁੰਦਿਆਂ ਹੀ ਇਹ ਜ਼ਮੀਨ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਵਾ ਦਿੱਤੀ ਜਾਵੇਗੀ।
ਅਕਾਲੀ ਸਿਆਸਤ ’ਚ ਭੂਚਾਲ ਲਿਆਉਣ ਲਈ ਢੀਂਡਸਾ ਨੇ ਸ਼ੁਰੂ ਕੀਤੀ ਲਾਮਬੰਦੀ ਮੁਹਿੰਮ
NEXT STORY