ਅੰਮ੍ਰਿਤਸਰ, (ਦੀਪਕ/ਅਨਿਲ/ਅਣਜਾਣ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਦਰਵਾਜ਼ੇ 6 ਅਕਤੂਬਰ ਨੂੰ ਲਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਇਹ ਦਰਵਾਜ਼ੇ ਮੁਰੰਮਤ ਦੀ ਸੇਵਾ ਲਈ ਉਤਾਰੇ ਗਏ ਸਨ, ਜਿਨ੍ਹਾਂ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਕੋਲੋਂ ਕਰਵਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਦਰਵਾਜ਼ਿਆਂ ਦੀ ਮੁਡ਼ ਸਥਾਪਨਾ ਸਮੇਂ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੀਆਂ। ਇਸੇ ਦੌਰਾਨ ਬੇਦੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪ-ਰੇਖਾ ਲਈ ਵਿਚਾਰ-ਵਟਾਂਦਰਾ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ 10 ਤੇ 11 ਅਕਤੂਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵੱਲੋਂ ਇਕੱਤਰਤਾਵਾਂ ਬੁਲਾਈਆਂ ਗਈਆਂ ਹਨ। 10 ਅਕਤੂਬਰ ਨੂੰ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਦੇ ਨੁਮਾਇੰਦਿਆਂ ਤੇ 11 ਨੂੰ ਸਮੂਹ ਸਿੰਘ ਸਭਾਵਾਂ, ਸੁਖਮਨੀ ਸਾਹਿਬ ਸੇਵਾ-ਸੋਸਾਇਟੀਆਂ ਤੇ ਹੋਰ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਜਾਵੇਗੀ।

ਅੰਮ੍ਰਿਤਸਰ ਅਤੇ ਆਗਰਾ ਤੋਂ ਸੱਦੇ ਗਏ ਕਾਰੀਗਰ—
ਅੰਮ੍ਰਿਤਸਰ ਅਤੇ ਆਗਰਾ ਤੋਂ ਸੱਦੇ 12 ਕਾਰੀਗਰਾਂ ਨੇ ਇਨ੍ਹਾਂ ਦਰਵਾਜ਼ਿਆਂ ਨੂੰ ਅੱਠ ਮਹੀਨਿਆਂ ਵਿਚ ਤਿਆਰ ਕੀਤਾ ਹੈ। ਦਰਸ਼ਨੀ ਡਿਓਢੀ ਦੇ ਪੁਰਾਣੇ ਦਰਵਾਜ਼ਿਆਂ ਦੀ ਹਾਲਤ ਖਸਤਾ ਹੋ ਚੁੱਕੀ ਸੀ ਅਤੇ ਇਨ੍ਹਾਂ ਨੂੰ ਕਰੀਬ 8 ਸਾਲ ਪਹਿਲਾਂ ਜੁਲਾਈ 2010 ਵਿਚ ਮੁਰੰਮਤ ਲਈ ਉਤਾਰ ਦਿੱਤਾ ਗਿਆ ਸੀ। ਇਨ੍ਹਾਂ ਦੀ ਮੁਰੰਮਤ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਸੀ। ਕਰੀਬ 9 ਫੁੱਟ ਚੌੜੇ ਅਤੇ ਦਸ ਫੁੱਟ ਉੱਚੇ ਇਹ ਪੁਰਾਤਨ ਦਰਵਾਜ਼ੇ 18ਵੀਂ ਸਦੀ ਦੇ ਆਰੰਭ ਵਿਚ ਇਕ ਸਿੱਖ ਪਰਿਵਾਰ ਵਲੋਂ ਮੁਸਲਿਮ ਮਿਸਤਰੀ ਮੁਹੰਮਦ ਯਾਰ ਖਾਂ ਕੋਲੋਂ ਤਿਆਰ ਕਰਵਾਏ ਗਏ ਸਨ।
ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵਲੋਂ ਚਾਂਦੀ ਲਗਵਾਈ ਗਈ ਸੀ। ਦਰਵਾਜ਼ਿਆਂ ਦੇ ਅੰਦਰਲੇ ਪਾਸੇ ਹਾਥੀ ਦੰਦ ਨਾਲ ਮੀਨਾਕਾਰੀ ਕੀਤੀ ਗਈ ਹੈ। ਦਰਸ਼ਨੀ ਡਿਓਢੀ ਦੇ ਇਹ ਦਰਵਾਜ਼ੇ ਹੁਣ ਸੰਗਤ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਸੰਭਾਲ ਕੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸੰਗਤ 'ਚ ਇਸ ਗੱਲ ਲਈ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਅਣਪਛਾਤੇ ਨੌਜਵਾਨਾਂ ਵਲੋਂ ਨਗਰ ਕੌਂਸਲ ਪੱਟੀ ਦੇ ਮੁਲਾਜ਼ਮ ’ਤੇ ਹਮਲਾ
NEXT STORY