ਮਾਨਸਾ (ਜੱਸਲ)-ਜ਼ਿਲੇ ਦੀਆਂ ਚਾਰ ਅਧਿਆਪਕਾਵਾਂ ਯੋਗਿਤਾ ਜੋਸ਼ੀ, ਗੁਰਪ੍ਰੀਤ ਕੌਰ, ਆਰਤੀ, ਈਸ਼ਾ ਵੱਲੋਂ ਸਿੱਖਿਆ ਵਿਕਾਸ ਮੰਚ ਮਾਨਸਾ ਦੀ ਸਰਪ੍ਰਸਤੀ ਹੇਠ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ ਜ਼ਿਲੇ ਭਰ ਦੇ ਵੱਖ-ਵੱਖ ਸਕੂਲਾਂ 'ਚ ਧੀਆਂ ਦੀ ਲੋਹੜੀ ਨੂੰ ਸਮਰਪਿਤ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨ ਦਾ ਅਹਿਮ ਫੈਸਲਾ ਲਿਆ ਗਿਆ ਹੈ। ਇਸ ਮੌਕੇ ਲੋਹੜੀ ਬਾਲਦਿਆਂ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਅਤੇ ਹੋਣਹਾਰ ਨੰਨ੍ਹੀਆਂ ਬੱਚੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਇਹ ਚਾਰੇ ਅਧਿਆਪਕਾਵਾਂ ਜੋ ਸਿੱਖਿਆ ਵਿਕਾਸ ਮੰਚ ਦੀਆਂ ਸੀਨੀਅਰ ਮੀਤ ਪ੍ਰਧਾਨਾਂ ਹਨ ਨੇ ਨੰਨ੍ਹੀਆਂ ਧੀਆਂ ਦੇ ਉਤਸ਼ਾਹ ਨੂੰ ਵਧਾਉਣ ਅਤੇ ਲਿੰਗ ਬਰਾਬਰੀ ਲਈ ਚੇਤਨਤਾ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਲੋਹੜੀ ਵਾਲੇ ਦਿਨ ਛੁੱਟੀ ਹੋਣ ਕਾਰਨ 12 ਜਨਵਰੀ ਨੂੰ ਵੱਖ-ਵੱਖ ਸਕੂਲਾਂ 'ਚ ਕੀਤੇ ਜਾਣਗੇ। ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਮੰਚ ਦੀਆਂ ਸੀਨੀਅਰ ਆਗੂਆਂ ਵੱਲੋਂ ਧੀਆਂ ਦੀ ਲੋਹੜੀ ਨੂੰ ਸਮਰਪਿਤ ਕਰਵਾਏ ਜਾ ਰਹੇ ਚੇਤਨਤਾ ਪ੍ਰੋਗਰਾਮਾਂ ਲਈ ਮੰਚ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।
ਨਹਿਰੂ ਯੁਵਾ ਕੇਂਦਰ ਦੇ ਬੁਲਾਰੇ ਸੰਦੀਪ ਘੰਡ ਅਤੇ ਮੰਚ ਦੇ ਸਲਾਹਕਾਰ ਡਾ. ਬੂਟਾ ਸਿੰਘ ਬੋੜਾਵਾਲ ਸੀਨੀਅਰ ਆਗੂ ਸੁਦਰਸ਼ਨ ਰਾਜੂ, ਰਣਧੀਰ ਸਿੰਘ ਆਦਮਕੇ, ਬਲਵਿੰਦਰ ਸ਼ਰਮਾ, ਸ਼ਸ਼ੀ ਭੂਸ਼ਣ, ਭੁਪਿੰਦਰ ਸਿੰਘ ਤੱਗੜ, ਅਕਬਰ ਸਿੰਘ ਬੱਪੀਆਣਾ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਬੇਸ਼ੱਕ ਸਮਾਜਿਕ ਚੇਤਨਤਾ ਵਧਣ ਕਾਰਨ ਲਿੰਗ ਅਨੁਪਾਤ 'ਚ ਪਹਿਲਾਂ ਨਾਲੋਂ ਅੰਤਰ ਘਟਿਆ ਹੈ ਪਰ ਇਸ ਦੇ ਬਾਵਜੂਦ ਲਿੰਗ ਬਰਾਬਰੀ ਲਈ ਸਮਾਜਿਕ ਚੇਤਨਤਾ ਦੀ ਵੱਡੀ ਲੋੜ ਹੈ, ਜਿਸ ਦੇ ਮੱਦੇਨਜ਼ਰ ਮੰਚ ਦੀਆਂ ਮਹਿਲਾ ਅਧਿਆਪਕ ਆਗੂਆਂ ਵੱਲੋਂ ਸਿੱਖਿਆ ਸੰਸਥਾਵਾਂ 'ਚ ਧੀਆਂ ਦੀ ਲੋਹੜੀ ਮਨਾ ਕੇ ਇਸ ਸਬੰਧੀ ਚੇਤਨਤਾ ਮੁਹਿੰਮ ਵਿੱਢਣ ਦਾ ਫੈਸਲਾ ਲਿਆ ਗਿਆ ਹੈ।
ਪੰਜਾਬ ਡਿਗਰੀ ਕਾਲਜ ਮਹਿਮੂਆਣਾ 'ਚ ਵਾਈਬਰੇਸ਼ਨ 2018 ਸਮਾਗਮ ਕਰਵਾਇਆ
NEXT STORY