ਮਹਿਲ ਕਲਾਂ (ਹਮੀਦੀ) : ਬਰਨਾਲਾ ਜ਼ਿਲ੍ਹੇ 'ਚ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਟੀ. ਬੈਨਿਥ ਤੇ ਜ਼ਿਲ੍ਹਾ ਪੁਲਸ ਮੁਖੀ ਸਰਫਰਾਜ਼ ਆਲਮ ਨੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਏਸਰ ਪੰਜਾਬ, ਚੰਨਣਵਾਲ ਅਤੇ ਸਹੌਚ ਪਿੰਡਾਂ ਦੀਆਂ ਅਸੁਰੱਖਿਅਤ ਇਮਾਰਤਾਂ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ।
ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਅਸੁਰੱਖਿਅਤ ਘਰ ਛੱਡਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪਿੰਡਾਂ ਵਿੱਚ ਸਥਾਪਤ ਰਾਹਤ ਕੈਂਪਾਂ ਵਿੱਚ ਜਾ ਕੇ ਰਹਿਣ। ਇਸ ਲਈ ਪਿੰਡ ਪੰਚਾਇਤਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਨਿਆਦੀ ਵੀ ਕੀਤੀ ਜਾ ਰਹੀ ਹੈ। ਡੀ.ਸੀ. ਨੇ ਚੰਨਣਵਾਲ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਬਣਾਏ ਕੈਂਪ ਦਾ ਦੌਰਾ ਕਰਕੇ ਲੋਕਾਂ ਦੇ ਹਾਲਾਤ ਬਾਰੇ ਜਾਣਕਾਰੀ ਲਈ। ਉਨ੍ਹਾਂ ਭਰੋਸਾ ਦਿੱਤਾ ਕਿ ਜਿਨ੍ਹਾਂ ਦੇ ਘਰ ਮੀਂਹ ਕਾਰਨ ਨੁਕਸਾਨੀਏ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਇਸ ਵੇਲੇ 30 ਰਾਹਤ ਕੈਂਪ ਸਥਾਪਿਤ ਹਨ ਜਿੱਥੇ 440 ਲੋਕਾਂ ਨੂੰ ਸ਼ਿਫਟ ਕੀਤਾ ਗਿਆ ਹੈ। ਕੈਂਪਾਂ ਵਿੱਚ ਖਾਣ-ਪੀਣ ਤੇ ਰਹਿਣ ਦੀ ਪੂਰੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ. ਸਰਫਰਾਜ਼ ਆਲਮ ਨੇ ਕਿਹਾ ਕਿ ਪੁਲਸ ਮੁਸ਼ਕਲ ਘੜੀ ਵਿੱਚ ਹਰ ਵੇਲੇ ਲੋਕਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਬਰਨਾਲਾ ਦੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਸੋਨਮ, ਮਹਿਲ ਕਲਾਂ ਦੇ ਐੱਸ.ਡੀ.ਐੱਮ. ਸ਼ਿਵਾਂਸ਼ ਰਾਠੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਪੰਚਾਇਤਾਂ ਨੂੰ ਘਰ-ਘਰ ਸਰਵੇ ਕਰਨ ਦੇ ਨਿਰਦੇਸ਼
ਡੀ.ਸੀ. ਟੀ. ਬੈਨਿਥ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀਆਂ ਸਾਰੀਆਂ ਪੰਚਾਇਤਾਂ ਨੂੰ ਘਰ-ਘਰ ਸਰਵੇ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਪਿੰਡ ਵਾਸੀ ਅਸੁਰੱਖਿਅਤ ਇਮਾਰਤਾਂ ਵਿੱਚ ਨਾ ਰਹੇ। ਉਨ੍ਹਾਂ ਹਦਾਇਤ ਦਿੱਤੀ ਕਿ ਜਿਨ੍ਹਾਂ ਦੇ ਘਰ ਅਸੁਰੱਖਿਅਤ ਹਨ, ਉਨ੍ਹਾਂ ਨੂੰ ਤੁਰੰਤ ਰਾਹਤ ਕੈਂਪਾਂ 'ਚ ਸ਼ਿਫਟ ਕੀਤਾ ਜਾਵੇ।
ਜ਼ਿਲ੍ਹਾ ਬਰਨਾਲਾ ਦੇ ਹੜ੍ਹ ਪ੍ਰਭਾਵਿਤ ਪਿੰਡ
ਅਧਿਕਾਰੀਆਂ ਨੇ ਬਰਨਾਲਾ ਖੇਤਰ 'ਚ ਚੀਮਾ, ਪੱਤੀ ਸੇਖਵਾਂ, ਨਾਈਵਾਲ, ਪੱਖੋ ਕੇ, ਮੱਲੀਆਂ, ਕਰਮਗੜ੍ਹ, ਭੱਦਲਵੱਡ, ਸੰਘੇੜਾ, ਫਰਵਾਹੀ, ਸੇਖਾ, ਠੁੱਲੇਵਾਲ, ਬਰਨਾਲਾ ਏ, ਬਰਨਾਲਾ ਬੀ, ਬਰਨਾਲਾ ਸੀ, ਬਰਨਾਲਾ ਡੀ, ਹੰਢਿਆਇਆ, ਰਾਏਸਰ ਪੰਜਾਬ ਦੇ ਨਾਲ ਤਪਾ ਖੇਤਰ ਵਿਚ ਸਹਿਣਾ ਏ, ਸਹਿਣਾ ਬੀ, ਤਪਾ ਬੀ, ਢਿੱਲਵਾਂ ਨਾਭਾ, ਢਿੱਲਵਾਂ ਪਟਿਆਲਾ, ਤਲਵੰਡੀ, ਮਹਿਤਾ, ਪੱਖੋ ਕਲਾਂ, ਮੌੜ ਨਾਭਾ, ਤਾਜੋਕੇ ਤੇ ਮਹਿਲ ਕਲਾਂ ਖੇਤਰ 'ਚ ਗੰਗੋਹਰ, ਕੁਰੜ, ਮਹਿਲ ਕਲਾਂ, ਪੰਡੋਰੀ, ਛਾਪਾ, ਵਜੀਦਕੇ ਖੁਰਦ, ਸਹਿਜੜਾ, ਕੁਤਬਾ, ਗੁਰਮ, ਚੰਨਣਵਾਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਘੱਗਰ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਤੇ ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੜ੍ਹੋ TOP-10 ਖ਼ਬਰਾਂ
NEXT STORY