ਧਾਰੀਵਾਲ, (ਖੋਸਲਾ, ਬਲਬੀਰ)- ਵਿਦੇਸ਼ ਤੋਂ ਆਏ ਪਿੰਡ ਸਹਾਰੀ ਦੇ ਰਹਿਣ ਵਾਲੇ ਵਿਆਹੇ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮ੍ਰਿਤਕ ਸ਼ਿੰਦਰਪਾਲ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਸਹਾਰੀ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਸ਼ਿੰਦਰਪਾਲ ਸਿੰਘ ਕੁਝ ਸਮਾਂ ਪਹਿਲਾਂ ਹੀ ਸਾਊਦੀ ਅਰਬ ਤੋਂ ਪਿੰਡ ਵਾਪਿਸ ਆਇਆ ਸੀ ਕਿ ਬੀਤੇ ਦਿਨ ਉਸਦੇ ਦੋਸਤ ਨਵਜੋਤ ਸਿੰਘ ਵਾਸੀ ਪਿੰਡ ਨਬੀਪੁਰ ਨੇ ਸ਼ਿੰਦਰਪਾਲ ਸਿੰਘ ਨੂੰ ਫੋਨ ਕੀਤਾ ਕਿ ਅੰਮ੍ਰਿਤਸਰ ਜ਼ਰੂਰੀ ਕੰਮ ਲਈ ਜਾਣਾ ਹੈ। ਇਸ ਲਈ ਉਹ ਬਿਧੀਪੁਰ ਫਾਟਕ ਧਾਰੀਵਾਲ ਦੇ ਨਜ਼ਦੀਕ ਉਸਦਾ ਇੰਤਜ਼ਾਰ ਕਰ ਰਿਹਾ ਹੈ, ਜਿਸ 'ਤੇ ਸ਼ਿੰਦਰਪਾਲ ਸਿੰਘ ਘਰੋਂ ਚਲੇ ਗਿਆ ਪਰ ਦੇਰ ਰਾਤ ਜਦ ਸ਼ਿੰਦਰਪਾਲ ਘਰ ਨਾ ਪੁੱਜਾ ਤਾਂ ਉਸ ਦੇ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦਾ ਫੋਨ ਬੰਦ ਆ ਰਿਹਾ ਸੀ। ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਉਨ੍ਹਾਂ ਦਾ ਬੇਟਾ ਗੁਰਦਾਸਪੁਰ ਸਿਵਲ ਹਸਪਤਾਲ ਦਾਖਲ ਹੈ ਤੇ ਜਦ ਕਰੀਬ 3 ਵਜੇ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਚੁੱਕੀ ਸੀ। ਪੀੜਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਸ਼ਿੰਦਰਪਾਲ ਸਿੰਘ ਨੂੰ ਦਾਖਲ ਕਰਵਾਉਣ ਵਾਲੇ ਵਿਅਕਤੀ ਬਾਰੇ ਜਦ ਹਸਪਤਾਲ ਪ੍ਰਬੰਧਕਾਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਦਾਖਲ ਕਰਵਾ ਕੇ ਗਿਆ ਹੈ। ਇਸ ਸਬੰਧੀ ਜਦ ਥਾਣਾ ਘੁੰਮਣਕਲਾਂ ਵਿਖੇ ਤਾਇਨਾਤ ਏ. ਐੱਸ. ਆਈ. ਪਲਵਿੰਦਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਕੁਲਵਿੰਦਰ ਕੌਰ ਦੇ ਬਿਆਨਾਂ ਅਨੁਸਾਰ ਧਾਰਾ 174 ਤਹਿਤ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਨਾਜਾਇਜ਼ ਸ਼ਰਾਬ ਸਣੇ ਕਾਬੂ
NEXT STORY