ਦੋਰਾਹਾ (ਵਿਨਾਇਕ) : ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਰੋਜ਼ਗਾਰ ਲਈ ਗਏ ਦੋਰਾਹਾ ਦੇ ਇੱਕ ਨੌਜਵਾਨ ਦੀ ਅਰਮੀਨੀਆ ਵਿੱਚ ਭੇਦਭਰੇ ਹਾਲਾਤਾਂ ‘ਚ ਅਚਾਨਕ ਮੌਤ ਹੋ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੀ ਪਛਾਣ ਇੱਛਰ ਕੁਮਾਰ (31) ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ 1, ਮਛਾਲ ਨਗਰ, ਨੇੜੇ ਰੇਲਵੇ ਸਟੇਸ਼ਨ ਦੋਰਾਹਾ, ਜ਼ਿਲਾ ਲੁਧਿਆਣਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਛਰ ਕੁਮਾਰ ਮਿਤੀ 15 ਅਕਤੂਬਰ 2025 ਨੂੰ ਰੋਜ਼ਗਾਰ ਦੀ ਭਾਲ ‘ਚ ਅਰਮੀਨੀਆ ਗਿਆ ਸੀ। ਕੁਝ ਸਮਾਂ ਕੰਮ ਕਰਨ ਤੋਂ ਬਾਅਦ 27 ਮਾਰਚ 2026 ਨੂੰ ਉਸਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਅਤੇ ਉਸਨੂੰ ਚੱਕਰ ਆਉਣ ਲੱਗ ਪਏ। ਉਸਦੇ ਨਾਲ ਰਹਿ ਰਹੇ ਸਾਥੀਆਂ ਵੱਲੋਂ ਤੁਰੰਤ ਉਸਨੂੰ ਨੇੜਲੇ ਮਾਸਟਰ ਮੈਡ ਹਸਪਤਾਲ, ਯੇਰੇਵਨ (ਅਰਮੀਨੀਆ) ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸਦੀ ਮੁੱਢਲੀ ਜਾਂਚ ਦੌਰਾਨ ਖੂਨ ਦੀ ਕਮੀ ਹੋਣ ਦੀ ਗੱਲ ਆਖੀ ਗਈ ਅਤੇ ਸਾਥੀਆਂ ਨੂੰ ਤੁਰੰਤ ਖੂਨ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ।
ਪਰਿਵਾਰਕ ਸੂਤਰਾਂ ਮੁਤਾਬਕ 28 ਮਾਰਚ ਸਵੇਰੇ ਕਰੀਬ 2 ਵਜੇ ਜਦੋਂ ਖੂਨ ਦਾ ਪ੍ਰਬੰਧ ਕਰਕੇ ਸਾਥੀ ਹਸਪਤਾਲ ਪਹੁੰਚੇ ਤਾਂ ਕੁਝ ਹੀ ਸਮੇਂ ਬਾਅਦ ਡਾਕਟਰਾਂ ਨੇ ਇੱਛਰ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਦਿਲ ਨੂੰ ਝੰਝੋੜ ਦੇਣ ਵਾਲੀ ਖ਼ਬਰ ਜਿਵੇਂ ਹੀ ਉਸਦੇ ਘਰ ਦੋਰਾਹਾ ਪਹੁੰਚੀ, ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਘਰ ਵਿੱਚ ਚੀਖ-ਪੁਕਾਰ ਮਚ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 28 ਮਾਰਚ ਤੋਂ ਲਗਾਤਾਰ ਉਹ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਹਲਕਾ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ, ਭਾਰਤੀ ਦੂਤਾਵਾਸ ਅਤੇ ਅਰਮੀਨੀਆ ਦੇ ਸੰਬੰਧਤ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ, ਪਰ ਅਜੇ ਤੱਕ ਮਿ੍ਤਕ ਦੀ ਦੇਹ ਭਾਰਤ ਵਾਪਸ ਲਿਆਉਣ ਲਈ ਕੋਈ ਢੁੱਕਵਾਂ ਹੱਲ ਨਹੀਂ ਨਿਕਲ ਸਕਿਆ। ਦੁੱਖ ਦੀ ਇਸ ਘੜੀ ਵਿੱਚ ਮ੍ਰਿਤਕ ਆਪਣੇ ਪਿੱਛੇ ਪਤਨੀ ਲਕਸ਼ਮੀ ਦੇਵੀ, 8 ਸਾਲਾ ਪੁੱਤਰ ਗੁਰੂਨੂਰ ਸਿੰਘ ਅਤੇ 5 ਸਾਲਾ ਧੀ ਹਰਲੀਨ ਕੌਰ ਨੂੰ ਛੱਡ ਗਿਆ ਹੈ। ਪਰਿਵਾਰ ਦੀ ਆਰਥਿਕ ਅਤੇ ਮਾਨਸਿਕ ਹਾਲਤ ਵੀ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ।
ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਅਤੇ ਮਾਤਾ ਸਵਰਨ ਕੌਰ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਸਮੇਤ ਸੰਬੰਧਤ ਵਿਭਾਗਾਂ ਕੋਲ ਭਾਵੁਕ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮਿ੍ਤਕ ਦੇਹ ਜਲਦ ਤੋਂ ਜਲਦ ਪੰਜਾਬ ਵਾਪਸ ਲਿਆਂਦੀ ਜਾਵੇ, ਤਾਂ ਜੋ ਉਹ ਆਪਣੇ ਧਾਰਮਿਕ ਰਿਵਾਜਾਂ ਅਨੁਸਾਰ ਆਪਣੇ ਲਾਡਲੇ ਪੁੱਤਰ ਦਾ ਅੰਤਿਮ ਸੰਸਕਾਰ ਕਰ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵ੍ਰਿੰਦਾਵਨ ਕਿਸ਼ਤੀ ਹਾਦਸੇ 'ਤੇ RSS ਨੇ ਪ੍ਰਗਟਾਇਆ ਡੂੰਘਾ ਦੁੱਖ
NEXT STORY