ਨਵਾਂਸ਼ਹਿਰ (ਤ੍ਰਿਪਾਠੀ) - 24 ਸਾਲ ਪਹਿਲਾਂ ਮਰ ਚੁੱਕੀ ਮਹਿਲਾ ਦੀ ਜ਼ਮੀਨ 'ਤੇ ਕਰਜ਼ਾ ਲੈਣ ਵਾਲੀ ਮਹਿਲਾ, ਸਾਜ਼ਿਸ਼ 'ਚ ਸਾਥ ਦੇਣ ਵਾਲੇ ਬੈਂਕ ਮੈਨੇਜਰ, ਸਰਪੰਚ ਤੇ ਗਵਾਹ ਖ਼ਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਸਤਨਾਮ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਲਾਦੀਆਂ ਤਹਿਸੀਲ ਬੰਗਾ ਨੇ ਦੱਸਿਆ ਕਿ ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਕੀਤੀ ਗਈ ਜਾਣਕਾਰੀ 'ਚ ਖੁਲਾਸਾ ਹੋਇਆ ਸੀ ਕਿ ਉਸ ਦੇ ਪਿੰਡ ਦੀ ਵਾਸੀ ਹਰਬੰਸ ਕੌਰ ਪਤਨੀ ਗੁਰਮੇਲ ਸਿੰਘ ਨੇ ਪੰਜਾਬ ਗ੍ਰਾਮੀਣ ਬੈਂਕ ਦੀ ਬਹਿਰਾਮ ਬ੍ਰਾਂਚ 'ਚ ਗਲਤ ਦਸਤਾਵੇਜ਼ ਪੇਸ਼ ਕਰ ਕੇ ਪਿੰਡ ਦੇ ਸਰਪੰਚ ਬਲਵੀਰ ਰਾਮ ਵੱਲੋਂ ਤਸਦੀਕ ਤੇ ਸੁਰਿੰਦਰ ਪਾਲ ਸਿੰਘ ਦੀ ਗਵਾਹੀ ਪਾ ਕੇ ਸਾਜ਼ਿਸ਼ ਤਹਿਤ 20 ਲੱਖ ਰੁਪਏ ਦਾ ਕਰਜ਼ਾ ਲਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿੰਡ ਦੇ ਗੁਰਮੇਲ ਸਿੰਘ ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ ਸੀ। ਸੁਰਿੰਦਰ ਕੌਰ ਦੀ 1991 'ਚ ਮੌਤ ਹੋ ਗਈ। ਉਪਰੰਤ ਉਸ ਦੇ ਪਤੀ ਗੁਰਮੇਲ ਸਿੰਘ ਨੇ ਹਰਬੰਸ ਕੌਰ ਨਾਲ ਵਿਆਹ ਕਰ ਲਿਆ, ਜਿਸ ਤੋਂ ਗੁਰਮੇਲ ਸਿੰਘ ਦੀ ਕੋਈ ਔਲਾਦ ਨਹੀਂ ਹੈ। 12 ਫਰਵਰੀ 2015 ਨੂੰ ਹਰਬੰਸ ਕੌਰ ਨੇ ਬੈਂਕ ਦੇ ਮੈਨੇਜਰ, ਪਿੰਡ ਦੇ ਸਰਪੰਚ ਤੇ ਗਵਾਹ ਸੁਰਿੰਦਰਪਾਲ ਨਾਲ ਮਿਲ ਕੇ ਮ੍ਰਿਤਕ ਸੁਰਿੰਦਰ ਕੌਰ ਦੀ ਜ਼ਮੀਨ ਬੈਂਕ 'ਚ ਗਿਰਵੀ ਰੱਖ ਕੇ 20 ਲੱਖ ਰੁਪਏ ਦਾ ਕਰਜ਼ਾ ਲੈ ਲਿਆ।
ਇਸ ਸ਼ਿਕਾਇਤ ਦੀ ਜਾਂਚ ਦੇ ਆਧਾਰ 'ਤੇ ਥਾਣਾ ਬਹਿਰਾਮ ਦੀ ਪੁਲਸ ਨੇ ਹਰਬੰਸ ਕੌਰ ਪਤਨੀ ਗੁਰਮੇਲ ਸਿੰਘ, ਬਗੀਚਾ ਸਿੰਘ ਪੁੱਤਰ ਗੁਰਮੇਲ ਸਿੰਘ, ਸਰਪੰਚ ਬਲਵੀਰ ਰਾਮ ਪੁੱਤਰ ਮੋਤਾ ਰਾਮ ਤੇ ਸੁਰਿੰਦਰ ਪਾਲ ਪੁੱਤਰ ਪੁਰੂ ਰਾਮ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਈਕੋਰਟ ਨੇ ਡੀ. ਜੀ. ਪੀ. ਹਰਿਆਣਾ ਤੋਂ ਮੰਗਿਆ ਜਵਾਬ, ''ਧਾਰਾ-144 ਲੱਗਣ 'ਤੇ ਵੀ ਲੱਖਾਂ ਲੋਕ ਕਿਵੇਂ ਪੁੱਜੇ ਪੰਚਕੂਲਾ''
NEXT STORY