ਰੋਜ਼ਾਨਾ ਜਗ ਬਾਣੀ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਹਮੇਸ਼ਾ ਆਪਣੀ ਵਚਨਬੱਧਤਾ ਨਿਭਾਉਂਦੀ ਆਈ ਹੈ। ਮੈਨੂੰ ਯਾਦ ਹੈ ਕਿ ਜਦੋਂ 1978 ਵਿਚ 40 ਸਾਲ ਪਹਿਲਾਂ ਜਗ ਬਾਣੀ ਆਰੰਭ ਹੋਈ ਤਾਂ ਪੰਜਾਬੀ ਭਾਸ਼ਾ, ਸੱਭਿਆਚਾਰ, ਖੇਡਾਂ ਅਤੇ ਸਾਹਿਤ ਨੂੰ ਨਾਲ-ਨਾਲ ਲੈ ਕੇ ਤੁਰੀ। ਜਗ ਬਾਣੀ ਦੇ ਹਰ ਹਫਤੇ ਛੇ ਸਪਲੀਮੈਂਟ ਪ੍ਰਕਾਸ਼ਿਤ ਹੁੰਦੇ ਸਨ। ਇਨ੍ਹਾਂ ਵਿਚ ਕਹਾਣੀ, ਖੇਡ, ਨਾਰੀ, ਹਾਸ ਵਿਅੰਗ, ਧਰਮ ਅਤੇ ਸੱਭਿਆਚਾਰ, ਫਿਲਮ ਅਤੇ ਸੰਡੇ ਅੰਕ ਸ਼ਾਮਲ ਸਨ। ਜਗ ਬਾਣੀ ਨੇ ਪੰਜਾਬੀ ਦੇ ਉੱਚਕੋਟੀ ਦੇ ਸਾਹਿਤਕਾਰਾਂ ਨੂੰ ਆਪਣੇ ਸਾਹਿਤਕ ਅੰਕਾਂ ਵਿਚ ਥਾਂ ਦਿੱਤੀ। ਇਨ੍ਹਾਂ ਵਿਚ ਅੰਮ੍ਰਿਤਾ ਪ੍ਰੀਤਮ, ਬਲਵੰਤ ਗਾਰਗੀ, ਅਜੀਤ ਕੌਰ, ਕਰਤਾਰ ਸਿੰਘ ਦੁੱਗਲ, ਬੂਟਾ ਸਿੰਘ, ਸੰਤੋਖ ਸਿੰਘ ਧੀਰ, ਬਚਿੰਤ ਕੌਰ, ਰਾਮ ਸਰੂਪ ਅਣਖੀ, ਜਸਵੰਤ ਸਿੰਘ ਵਿਰਦੀ ਅਤੇ ਕੁਝ ਹੋਰ ਲੇਖਕ ਸ਼ਾਮਲ ਹਨ, ਜੋ ਆਪਣੀਆਂ ਰਚਨਾਵਾਂ ਨਾਲ ਆਪਣਾ ਯੋਗਦਾਨ ਜਗ ਬਾਣੀ 'ਚ ਪਾਉਂਦੇ ਰਹੇ ਹਨ। ਜਗ ਬਾਣੀ ਦਾ ਸੰਪਾਦਕੀ ਪੰਨਾ ਵੀ ਬੜਾ ਮਹੱਤਵਪੂਰਨ ਸਥਾਨ ਰੱਖਦਾ ਹੈ, ਜਿਸ ਉੱਤੇ ਖੁਸ਼ਵੰਤ ਸਿੰਘ, ਇੰਦਰਜੀਤ, ਪੂਨਮ ਆਈ. ਕੌਸ਼ਿਸ਼, ਐੱਮ. ਜੇ. ਅਕਬਰ, ਪ੍ਰਿਤੀਸ਼ ਨੰਦੀ ਤੇ ਕਰਨ ਥਾਪਰ ਦੇ ਲੇਖ ਸ਼ਿੰਗਾਰ ਬਣਦੇ ਰਹੇ ਹਨ ਅਤੇ ਬਣ ਰਹੇ ਹਨ।
ਜਗ ਬਾਣੀ ਨੇ ਕਵੀਆਂ ਨੂੰ ਜੋੜਨ ਲਈ 'ਇਸ ਹਫਤੇ ਦਾ ਕਵੀ' ਨਾਂ ਦਾ ਕਾਲਮ ਆਰੰਭ ਕੀਤਾ, ਜਿਸ ਵਿਚ ਲੱਗਭਗ 150 ਕਵੀਆਂ ਨੂੰ ਸਥਾਨ ਦਿੱਤਾ ਗਿਆ। ਰਾਮ ਸਰੂਪ ਅਣਖੀ ਨੇ 'ਮੈਂ ਤਾਂ ਬੋਲਾਂਗੀ' ਨਾਂ ਦਾ ਕਾਲਮ ਆਰੰਭ ਕੀਤਾ, ਜਿਸ ਅਧੀਨ ਲੇਖਕਾਂ ਦੀਆਂ ਪਤਨੀਆਂ ਦੇ ਇੰਟਰਵਿਊ ਪ੍ਰਕਾਸ਼ਿਤ ਕੀਤੇ ਗਏ। ਕਰਤਾਰ ਸਿੰਘ ਦੁੱਗਲ ਹੁਰਾਂ ਨੇ ਆਪਣੀਆਂ ਯਾਦਾਂ 'ਨਾ ਵਿੱਸਰ ਸਕਣੀਆਂ' ਦੇ ਕਾਲਮ ਹੇਠ ਪਾਠਕਾਂ ਨਾਲ ਸਾਂਝੀਆਂ ਕੀਤੀਆਂ। ਬਲਵੰਤ ਗਾਰਗੀ ਦੇ ਚਰਚਿਤ ਨਾਵਲ 'ਨੰਗੀ ਧੁੱਪ', ਅਜੀਤ ਕੌਰ ਦੀ ਸਵੈ-ਜੀਵਨੀ 'ਖਾਨਾਬਦੋਸ਼' ਅਤੇ ਨਾਵਲ 'ਗੌਰੀ', ਅੰਮ੍ਰਿਤਾ ਪ੍ਰੀਤਮ ਵਲੋਂ ਕੀਤਾ ਸ਼ਖ਼ਸੀਅਤਾਂ ਦਾ ਇੰਟਰਵਿਊ ਅਤੇ ਬਚਿੰਤ ਕੌਰ ਦੀ ਸਵੈ-ਜੀਵਨੀ 'ਪਗਡੰਡੀਆਂ' ਦੀ ਲੜੀਵਾਰ ਪ੍ਰਕਾਸ਼ਨਾ ਕੀਤੀ ਗਈ। ਜਗ ਬਾਣੀ ਦੇ ਪਿਛਲੇ 40 ਸਾਲਾਂ ਦੇ ਇਤਿਹਾਸ 'ਤੇ ਨਜ਼ਰ ਮਾਰਦਿਆਂ ਮਹਿਸੂਸ ਹੁੰਦਾ ਹੈ ਕਿ ਵੱਡੀ ਗਿਣਤੀ 'ਚ ਪੰਜਾਬੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਇਸਨੂੰ ਸਿੰਜਿਆ। ਜਗ ਬਾਣੀ ਨੇ ਪੰਜਾਬੀ ਦੇ ਪੁੰਗਰਦੇ ਗਾਇਕਾਂ ਅਤੇ ਸੱਭਿਆਚਾਰਕ ਮੇਲਿਆਂ ਨੂੰ ਪ੍ਰਫੁੱਲਿਤ ਕਰਨ ਲਈ ਵੀ ਲਗਾਤਾਰ ਕਲਾਕਾਰਾਂ ਨੂੰ ਇਸ ਵਿਚ ਥਾਂ ਦਿੱਤੀ। ਇਸੇ ਕਰਕੇ ਤਾਂ ਅੱਜ ਜਗ ਬਾਣੀ ਅਖ਼ਬਾਰ ਬੁਲੰਦੀਆਂ 'ਤੇ ਹੈ।
ਬਚਿੰਤ ਕੌਰ ਨੂੰ ਪ੍ਰਾਪਤ ਹੋਏ 13,000 ਪੱਤਰ
ਬਚਿੰਤ ਕੌਰ ਦੀ ਸਵੈ-ਜੀਵਨੀ 'ਪਗਡੰਡੀਆਂ' ਪ੍ਰਕਾਸ਼ਿਤ ਹੋਈ ਤਾਂ ਲੇਖਿਕਾ ਨੂੰ ਇਸ ਦੇ ਪ੍ਰਤੀਕਰਮ ਵਜੋਂ ਲੱਗਭਗ 13,000 ਪੱਤਰ ਪ੍ਰਾਪਤ ਹੋਏ। ਬਚਿੰਤ ਕੌਰ ਅੱਜ ਵੀ ਉਸ ਮੰਜ਼ਰ ਨੂੰ ਯਾਦ ਕਰਦੇ ਹੋਏ ਦੱਸਦੇ ਹਨ, ''ਇਹ 1996 ਦੀ ਗੱਲ ਹੈ। ਸਾਡੇ ਦਿੱਲੀ ਦੇ ਘਰ ਵਿਚ ਚਿੱਠੀਆਂ ਦੇ ਥੱਬੇ ਚੁੱਕੀ ਆਉਂਦੇ ਡਾਕੀਏ ਮੈਨੂੰ ਅੱਜ ਵੀ ਚੇਤੇ ਹਨ। ਮੇਰੇ ਪਤੀ ਸਾਧੂ ਸਿੰਘ ਇੰਨੀਆਂ ਚਿੱਠੀਆਂ ਦੇਖ ਕੇ ਹੈਰਾਨ ਹੁੰਦੇ ਤੇ ਫਿਰ ਖੁਸ਼ ਵੀ। ਇਹ ਤਾਂ ਮੇਰੇ ਬੱਚਿਆਂ ਨੇ ਮੇਰੇ ਪਤੀ ਨੂੰ ਦੱਸਿਆ ਕਿ ਜਿਸ ਰਚਨਾ ਨੂੰ ਪੜ੍ਹਨ ਪਿੱਛੋਂ ਇੰਨੀਆਂ ਚਿੱਠੀਆਂ ਆ ਰਹੀਆਂ ਨੇ, ਉਹ ਮੰਮੀ ਨੇ ਤੁਹਾਡੇ ਵਿਰੁੱਧ ਹੀ ਲਿਖੀ ਹੈ। ਬਚਿੰਤ ਕੌਰ ਨੂੰ ਪ੍ਰਤੀਕਰਮ ਵਜੋਂ ਪੁੱਜੀਆਂ ਚਿੱਠੀਆਂ 'ਚ ਪ੍ਰਸਿੱਧ ਲੇਖਕ ਭੀਸ਼ਮ ਸਾਹਨੀ ਅਤੇ ਕਮਲੇਸ਼ਵਰ ਦੀਆਂ ਵੀ ਚਿੱਠੀਆਂ ਸਨ। ਇਨ੍ਹਾਂ ਚਿੱਠੀਆਂ 'ਚੋਂ 2000 ਬਿਹਤਰੀਨ ਚਿੱਠੀਆਂ ਚੁਣੀਆਂ ਗਈਆਂ, ਜਿਨ੍ਹਾਂ ਨੂੰ ਆਧਾਰ ਬਣਾ ਕੇ ਦਿੱਲੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਇਕਵਿੰਦਰ ਕੌਰ ਨੇ ਐੱਮ. ਫਿੱਲ ਦਾ ਥੀਸਿਜ਼ ਲਿਖਿਆ। ਡਾ. ਸੁਤਿੰਦਰ ਸਿੰਘ ਨੂਰ ਨੇ ਇਹ ਵਿਸ਼ਾ ਉਸਦੇ ਥੀਸਿਜ਼ ਲਈ ਚੁਣਿਆ।
ਬਚਿੰਤ ਕੌਰ ਨੇ ਇਹ ਵੀ ਦੱਸਿਆ, ''ਉਨ੍ਹਾਂ ਦਿਨਾਂ 'ਚ ਆ ਰਹੀਆਂ ਚਿੱਠੀਆਂ ਨੂੰ ਖੋਲ੍ਹਦਿਆਂ ਇਕ 'ਚੋਂ ਮੇਰੇ ਲਈ ਕਿਸੇ ਨੇ ਦਸ ਹਜ਼ਾਰ ਰੁਪਏ ਦਾ ਡਰਾਫਟ ਭੇਜਿਆ। ਬਠਿੰਡੇ ਤੋਂ ਇਕ ਸਰਜਨ ਡਾ. ਹਰਭਜਨ ਸਿੰਘ ਨੇ ਮੇਰੀ ਇਸ ਰਚਨਾ ਤੋਂ ਪ੍ਰਭਾਵਿਤ ਹੋ ਕੇ ਭੇਜਿਆ ਤੇ ਨਾਲ ਹੀ ਲਿਖਿਆ ਕਿ ਇਸ ਲਈ ਸ਼ੁਕਰੀਆ ਕਹਿਣ ਦੀ ਵੀ ਲੋੜ ਨਹੀਂ।''
3 ਸੂਬਿਆਂ ਦੇ 5 ਸ਼ਹਿਰਾਂ ਲਈ ਸ਼ੁਰੂ ਹੋਏਗੀ ਏ. ਸੀ. ਬੱਸ ਸਰਵਿਸ
NEXT STORY