ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਜੋ ਰੋਸ ਧਰਨੇ ਲਗਾਏ ਹੋਏ ਹਨ, ਉਹਨਾਂ ਧਰਨਿਆਂ ਵਿੱਚ ਜਾਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਅਨੇਕਾਂ ਪਿੰਡਾਂ ਵਿੱਚ ਲੋਕਾਂ ਨੇ ਕਮੇਟੀਆਂ ਬਣਾ ਲਈਆਂ ਹਨ ਅਤੇ ਇਹ ਫ਼ੈਸਲਾ ਕੀਤਾ ਹੈ ਕਿ 7-7 ਜਾਂ 10-10 ਕਿਸਾਨਾਂ ਦੇ ਜਥੇ ਹਰ ਹਫ਼ਤੇ ਦਿੱਲੀ ਭੇਜੇ ਜਾਣਗੇ। ਇਨ੍ਹਾਂ ਧਰਨਿਆਂ ਨੂੰ ਲੈ ਕੇ ਪੇਂਡੂ ਖੇਤਰਾਂ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਕਿਉਂਕਿ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਕਿਸਾਨਾਂ ਅਤੇ ਹਰ ਵਰਗ ਦੇ ਲੋਕਾਂ ਵਿੱਚ ਰੋਸ ਵੱਧ ਰਿਹਾ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਸਾਲੇ ’ਤੇ ਮਾਮਲਾ ਦਰਜ ਹੋਣ ’ਤੇ ਬੋਲੇ ਸੁਖਬੀਰ ਬਾਦਲ, ਕਿਹਾ ਪੁਲਸ ਦੇ ਰਹੀ ਸੁਰੱਖਿਆ
ਮਿਲੀ ਜਾਣਕਾਰੀ ਅਨੁਸਾਰ ਪਿੰਡਾਂ ਵਿੱਚੋਂ ਹੁਣ ਟਰੈਕਟਰ-ਟਰਾਲੀਆਂ ’ਤੇ ਲੰਗਰਾਂ ਲਈ ਸਾਮਾਨ ਵੱਡੀ ਪੱਧਰ ’ਤੇ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਦਿੱਲੀ ਦੇ ਬਾਰਡਰਾਂ ’ਤੇ ਲੰਗਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਸ ਘਰ ਦਾ ਵਿਅਕਤੀ ਕਿਸਾਨੀ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਦਿੱਲੀ ਧਰਨੇ ਵਿੱਚ ਨਹੀਂ ਜਾ ਸਕਦਾ, ਉਹ 2100 ਰੁਪਏ ਕਿਸਾਨ ਸੰਘਰਸ਼ ਕਮੇਟੀਆਂ ਨੂੰ ਦੇ ਦੇਵੇ। ਪਿੰਡ ਨੰਦਗੜ੍ਹ, ਗੰਧੜ੍ਹ ਅਤੇ ਭਾਗਸਰ ਆਦਿ ਪਿੰਡਾਂ ਵਿੱਚ ਕਿਸਾਨ ਕਮੇਟੀਆਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਦਿੱਲੀ ਧਰਨੇ ਵਿੱਚ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿੱਥੇ ਵੱਡੀ ਪੱਧਰ ’ਤੇ ਨੌਜਵਾਨ ਵਰਗ ਦਿੱਲੀ ਦੇ ਬਾਰਡਰਾਂ ’ਤੇ ਜਾ ਰਿਹਾ ਹੈ, ਉਥੇ ਹੀ ਬੀਬੀਆਂ ਵੱਲੋਂ ਵੀ ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਵਹੀਰਾਂ ਘੱਤੀਆਂ ਜਾ ਰਹੀਆਂ ਹਨ। ਪਿੰਡਾਂ ਦੇ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਰਾਹੀਂ ਅਵਾਜ਼ਾਂ ਦਿੱਤੀਆਂ ਜਾ ਰਹੀਆਂ ਹਨ ਕਿ ਹਰੇਕ ਘਰ ਦਾ ਬੰਦਾ ਦਿੱਲੀ ਧਰਨਿਆਂ ਵਿੱਚ ਸ਼ਾਮਲ ਹੋਵੇ ਅਤੇ ਉਥੇ ਲਿਜਾਣ ਲਈ ਲੰਗਰ-ਪਾਣੀ ਵਿੱਚ ਵੀ ਹਿੱਸਾ ਪਾਇਆ ਜਾਵੇ। ਕੇਂਦਰ ਸਰਕਾਰ ਦੇ ਕਿਸਾਨ ਮਾਰੂ ਵਤੀਰੇ ਕਾਰਨ ਲੋਕ ਵੀ ਸਮਝ ਗਏ ਹਨ ਕਿ ਇਹ ਸੰਘਰਸ਼ ਹੋਰ ਲੰਮਾ ਸਮਾਂ ਚੱਲ ਸਕਦਾ ਹੈ ਤੇ ਸਾਰਿਆਂ ਨੂੰ ਇਸ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਧੋਣ ’ਚ ਫ਼ਸਿਆ ਹੰਕਾਰ ਵਾਲਾ ਸਰੀਆ ਕੱਢਣ ਮੋਦੀ: ਭਗਵੰਤ ਮਾਨ
ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।
ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਭੁੱਖ-ਹੜਤਾਲ 'ਤੇ ਬੈਠੇ ਮਾਛੀਵਾੜਾ ਦੇ ਸੈਂਕੜੇ ਲੋਕ
NEXT STORY