ਖਰੜ (ਰਣਬੀਰ) : ਖਰੜ-ਮੋਰਿੰਡਾ ਰੋਡ ’ਤੇ ਓਮੇਗਾ ਸਿਟੀ ਨੇੜੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋਏ ਡਿਲੀਵਰੀ ਬੁਆਏ ਨਛੱਤਰ ਸਿੰਘ (29) ਦੀ ਬੀਤੀ ਰਾਤ ਪੀ. ਜੀ. ਆਈ. ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਨਛੱਤਰ ਸਿੰਘ ਮੂਲ ਤੌਰ ’ਤੇ ਮੋਗਾ ਦਾ ਸੀ ਤੇ 5 ਸਾਲਾਂ ਤੋਂ ਖਰੜ, ਮੋਹਾਲੀ, ਚੰਡੀਗੜ੍ਹ ਤੇ ਹੋਰ ਥਾਵਾਂ ’ਤੇ ਆਨਲਾਈਨ ਡਿਲੀਵਰੀ ਬੁਆਏ ਵਜੋਂ ਕੰਮ ਕਰ ਰਿਹਾ ਸੀ ਅਤੇ ਸੋਹਾਣਾ ’ਚ ਕਿਰਾਏ ’ਤੇ ਰਹਿੰਦਾ ਸੀ। 16 ਨਵੰਬਰ ਨੂੰ ਉਹ ਡਿਲੀਵਰੀ ਕਰਨ ਜਾ ਰਿਹਾ ਸੀ ਤਾਂ ਸਵੇਰੇ ਕਰੀਬ 2 ਵਜੇ ਤੇਜ਼ ਰਫ਼ਤਾਰ ਆਈ-20 ਕਾਰ ਸਲਿੱਪ ਰੋਡ ਤੋਂ ਮੁੱਖ ਸੜਕ ’ਤੇ ਆਈ।
ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਨਛੱਤਰ ਦਾ ਹੈਲਮੇਟ ਉੱਤਰ ਗਿਆ ਤੇ ਉਸ ਦਾ ਸਿਰ ਡਿਵਾਈਡਰ ਨਾਲ ਟਕਰਾ ਗਿਆ। ਨਛੱਤਰ ਸਿੰਘ ਦੇ ਮਾਮੇ ਦੇ ਲੜਕੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਵਾਪਰਿਆ। ਹਾਦਸੇ ਤੋਂ ਬਾਅਦ ਕਾਰ ’ਚ ਸਵਾਰ ਨੌਜਵਾਨ ਜ਼ਖ਼ਮੀ ਨਛੱਤ ਨੂੰ ਕਾਰ ’ਚ ਬਿਠਾ ਕੇ ਪਹਿਲਾਂ ਸਿਵਲ ਹਸਪਤਾਲ ਖਰੜ ਲੈ ਗਿਆ। ਉੱਥੋਂ ਉਸ ਨੂੰ ਫ਼ੇਜ਼-6 ਸਰਕਾਰੀ ਹਸਪਤਾਲ ਤੇ ਫਿਰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਦੋਸਤ ਰਮਨਦੀਪ ਸਿੰਘ ਨੇ ਮੌਕੇ ’ਤੇ ਗੱਡੀ ਦਾ ਨੰਬਰ ਨੋਟ ਕਰ ਲਿਆ। ਗੰਭੀਰ ਸੱਟਾਂ ਕਾਰਨ ਨਛੱਤਰ ਸਿੰਘ ਦਾ ਪੀ. ਜੀ. ਆਈ. ’ਚ ਕਈ ਦਿਨਾਂ ਤੱਕ ਇਲਾਜ ਚੱਲਿਆ ਅਤੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਗੁਰਮੀਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ।
ਪੰਜਾਬ 'ਚ ਵੱਡਾ ਹਾਦਸਾ, ਚਾਰ ਦਿਨ ਪਹਿਲਾਂ ਵਿਆਹ ਕੇ ਆਈ ਲਾੜੀ ਦੀ ਮੌਤ
NEXT STORY