ਅਜਨਾਲਾ, (ਫਰਿਆਦ)- ਤਹਿਸੀਲ ਅਜਨਾਲਾ ਦੇ ਪਿੰਡ ਤਲਵੰਡੀ ਰਾਏਦਾਦੂ ਦੇ ਕੁਝ ਵਾਸੀਆਂ ਨੇ ਪਿੰਡ ਦੇ ਹੀ ਅਕਾਲੀ ਨੰਬਰਦਾਰ ਤੇ ਉਸ ਦੀ ਸਰਪੰਚ ਪਤਨੀ ਵੱਲੋਂ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਜਾਰੀ ਹੋਈਆਂ ਗ੍ਰਾਂਟਾਂ 'ਚ ਪੰਚਾਇਤ ਸੈਕਟਰੀਆਂ ਨਾਲ ਮਿਲ ਕੇ ਹੇਰਾਫੇਰੀ ਕਰਨ ਤੇ ਉਸ ਦੇ ਪਰਿਵਾਰ ਵੱਲੋਂ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਜਸਵੰਤ ਸਿੰਘ ਪੁੱਤਰ ਅਮਰੀਕ ਸਿੰਘ, ਕਸ਼ਮੀਰ ਸਿੰਘ ਪੁੱਤਰ ਕੁੰਨਣ ਸਿੰਘ, ਲਖਬੀਰ ਸਿੰਘ ਪੁੱਤਰ ਹੀਰਾ ਸਿੰਘ, ਅਵਤਾਰ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀ ਤਲਵੰਡੀ ਰਾਏਦਾਦੂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਅਕਾਲੀ ਨੰਬਰਦਾਰ ਵੱਲੋਂ ਆਪਣੀ ਸਰਪੰਚ ਪਤਨੀ ਦੀ ਸਰਪੰਚੀ ਵੀ ਆਪ ਕਰਦੇ ਹੋਏ ਮਿਤੀ 06/04/2008 ਤੋਂ 04/04/2011 ਤੱਕ ਉਨ੍ਹਾਂ ਵੱਲੋਂ ਪਾਈਆਂ ਗਈਆਂ ਆਰ. ਟੀ. ਆਈਜ਼ ਅਧੀਨ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਕਤ ਅਕਾਲੀ ਸਰਪੰਚ ਦੇ ਪਤੀ ਨੇ ਪੰਚਾਇਤ ਸੈਕਟਰੀਆਂ ਦੀ ਮਿਲੀਭੁਗਤ ਨਾਲ ਹੇਰਾਫੇਰੀ ਕਰ ਕੇ ਪੰਚਾਇਤ ਜ਼ਮੀਨ 'ਤੇ ਕਰੀਬ 2 ਦਹਾਕਿਆਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਾਬਜ਼ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਪੰਚ ਵੱਲੋਂ ਆਪਣੇ ਚਹੇਤਿਆਂ ਦੇ ਪਖਾਨੇ ਬਣਾ ਕੇ ਬਾਕੀ ਪੈਸਿਆਂ 'ਚ ਵੀ ਹੇਰਾਫੇਰੀ ਕੀਤੀ ਗਈ ਹੈ। ਪਿੰਡ ਦੇ ਸਕੂਲ ਦੀ ਇਮਾਰਤ ਵੀ ਖਸਤਾ ਹਾਲਤ ਹੋਈ ਹੈ, ਜਦੋਂ ਕਿ ਸਕੂਲ ਦੀ ਪਸਵਕ ਕਮੇਟੀ ਨੂੰ 9 ਲੱਖ ਦੀ ਰੁਪਏ ਦੀ ਗ੍ਰਾਂਟ ਅਤੇ ਸਕੂਲ 'ਚ ਲੱਗੇ ਰੁੱਖ ਵੀ ਕੱਟ ਕੇ ਵੇਚ ਦਿੱੱਤੇ ਗਏ ਸਨ।
ਉਨ੍ਹਾਂ ਕਿਹਾ ਕਿ ਨਿਕਾਸੀ ਡਰੇਨ ਅਤੇ ਛੱਪੜ ਦੀ ਪੁਟਾਈ ਵੀ ਪੂਰੀ ਨਹੀਂ ਕੀਤੀ ਗਈ, ਜਦੋਂ ਕਿ ਇਸ ਲਈ ਵੀ 2.50 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਅਤੇ ਸ਼ਮਸ਼ਾਨਘਾਟ 'ਚ ਵੀ ਸਾਬਕਾ ਸਰਪੰਚ ਵੇਲੇ ਦੀ ਚਾਰਦੀਵਾਰੀ ਕੀਤੀ ਹੋਈ ਹੈ। ਮਨਰੇਗਾ ਸਕੀਮ ਤਹਿਤ ਕੰਮ ਕਰਦੇ 76 ਬੰਦਿਆਂ 'ਚੋਂ ਸੈਕਟਰੀ ਨੇ ਆਰ. ਟੀ. ਆਈ. ਤਹਿਤ ਦਿੱਤੇ ਜਵਾਬ 'ਚ ਵੀ 45 ਨਾਵਾਂ 'ਚੋਂ 2 ਨਾਂ ਕੱਟ ਕੇ 43 ਬੰਦਿਆਂ ਦੇ ਨਾਵਾਂ ਦੀ ਸੂਚੀ ਦਿੱਤੀ ਹੈ, ਜੋ ਕਿ ਸਰਪੰਚ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਸਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੁਆਰਾ 04/04/2011 ਤੋਂ 01/11/2016 ਤੱਕ ਦਿੱਤੀਆਂ ਗ੍ਰਾਂਟਾਂ ਸਬੰਧੀ ਮਿਲੀ ਜਾਣਕਾਰੀ ਵੀ ਉਨ੍ਹਾਂ ਨੂੰ ਅਧੂਰੀ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਸਰਪੰਚ ਨੇ ਆਪਣੇ ਨੰਬਰਦਾਰ ਪਤੀ ਅਤੇ ਮੌਕੇ ਦੇ ਪੰਚਾਇਤ ਸੈਕਟਰੀਆਂ ਨਾਲ ਮਿਲ ਕੇ ਲੱਖਾਂ ਰੁਪਏ ਦਾ ਗਬਨ ਕੀਤਾ ਹੈ, ਜਦੋਂ ਕਿ ਮਨਰੇਗਾ ਸਕੀਮ ਤਹਿਤ ਹੀ ਸਰਪੰਚ ਨੇ ਆਪਣੇ ਪਰਿਵਾਰ ਦੇ ਨਾਂ 'ਤੇ 121386 ਰੁਪਏ ਬਿਨਾਂ ਕੰਮ ਤੋਂ ਲਏ ਹਨ। ਉਨ੍ਹਾਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸਰਕਾਰ ਅਤੇ ਹੋਰ ਉੱਚ ਅਧਿਕਾਰੀਆਂ ਤੋਂ ਦਰਖਾਸਤਾਂ ਦੇ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਉਧਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮਨਮੋਹਨ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਜਦੋਂ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਫੋਨ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਉਹ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣਗੇ। ਹੋਰ ਤਾਂ ਹੋਰ ਡੀ. ਸੀ. ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ, ਜੇਕਰ ਮਿਲਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਅਕਾਲੀ ਸਰਪੰਚ ਦੇ ਪਤੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਚੱਲ ਰਹੀ ਹੈ, ਮੈਨੂੰ ਆਪਣੇ 'ਤੇ ਵਿਸ਼ਵਾਸ ਹੈ ਕਿ ਕੋਈ ਕੰਮ ਗਲਤ ਨਹੀਂ ਕੀਤਾ ਗਿਆ।
ਕਾਰ 'ਚੋਂ ਨਕਦੀ ਤੇ ਪਾਸਪੋਰਟ ਚੋਰੀ
NEXT STORY