ਮੋਗਾ, (ਸੰਦੀਪ)- ਸੂਬੇ ਦੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਕਾਂਗਰਸ ਕਮੇਟੀ ਸੁਨੀਲ ਜਾਖੜ ਦੇ ਨਾਂ ਇਕ ਮੰਗ ਅਤੇ ਯਾਦ ਪੱਤਰ ਠੇਕਾ ਆਧਾਰਿਤ ਐਕਸ਼ਨ ਕਮੇਟੀ ਪੰਜਾਬ ਅਤੇ ਦਿ ਕਲਾਸ ਫੋਰ ਇੰਪਲਾਈਜ਼ ਯੂਨੀਅਨ ਨੇ ਕਾਂਗਰਸ ਕਮੇਟੀ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੂੰ ਸੌਂਪਿਆ। ਯੂਨੀਅਨ ਨੇ ਵਿਧਾਨ ਸਭਾ ਚੋਣ ਮੈਨੀਫੈਸਟੋ ਦੌਰਾਨ ਕੀਤੇ ਗਏ ਵਾਅਦੇ ਨੂੰ ਲਾਗੂ ਨਾ ਕਰਨ ਅਤੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਸਮਾਂ ਨਾ ਦੇਣ 'ਤੇ ਰੋਸ ਜਤਾਇਆ ਹੈ। ਯੂਨੀਅਨ ਵੱਲੋਂ ਇਸ ਸੰਘਰਸ਼ ਤਹਿਤ ਸਰਕਾਰ ਦੀ ਨਜ਼ਰਅੰਦਾਜ਼ੀ ਅਤੇ ਠੇਕਾ ਆਧਾਰਿਤ, ਕੱਚੇ, ਦਿਹਾੜੀਦਾਰ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਨਕਾਰਾਤਮਕ ਰਵੱਈਏ ਕਰ ਕੇ ਆਉਣ ਵਾਲੀ 22 ਅਪ੍ਰੈਲ ਨੂੰ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਬੋਹਰ ਵਿਖੇ ਰਿਹਾਇਸ਼ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਜ਼ਿਲਾ ਪ੍ਰਧਾਨ ਚਮਨ ਲਾਲ ਸੰਗੇਲੀਆ ਅਨੁਸਾਰ 14 ਮਾਰਚ, 2017 ਤੋਂ ਲੈ ਕੇ 24 ਜਨਵਰੀ, 2018 ਤੱਕ ਯੂਨੀਅਨ ਵੱਲੋਂ ਸਬੰਧਿਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਲਾਏ ਗਏ ਵੱਖ-ਵੱਖ ਧਰਨੇ ਤੇ ਭੁੱਖ ਹੜਤਾਲ ਦੌਰਾਨ ਮੁੱਖ ਮੰਤਰੀ ਦੇ ਓ. ਐੱਸ. ਡੀ. ਅਤੇ ਹੋਰ ਨੇੜਲੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਇਸ ਬਾਰੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ, ਜਿਸ ਲਈ ਹਰ ਮੁਲਾਜ਼ਮ ਦੇ ਦਿਲ 'ਚ ਸਰਕਾਰ ਪ੍ਰਤੀ ਰੋਸ ਹੈ, ਜਿਸ ਕਰ ਕੇ 22 ਅਪ੍ਰੈਲ ਨੂੰ ਸੂਬਾ ਪੱਧਰੀ ਧਰਨਾ ਅਬੋਹਰ ਵਿਖੇ ਲਾਉਣ ਦਾ ਫੈਸਲਾ ਲਿਆ ਗਿਆ ਹੈ।
ਯੂਨੀਅਨ ਵੱਲੋਂ ਇਸ ਧਰਨੇ ਦੌਰਾਨ ਕੀਤੇ ਜਾਣ ਵਾਲੇ ਪ੍ਰਦਰਸ਼ਨ ਸਬੰਧੀ ਏਜੰਡਾ ਵੀ ਜਲਦ ਹੀ ਐਲਾਨ ਕਰਨ ਦਾ ਫੈਸਲਾ ਲਿਆ ਗਿਆ ਹੈ।
ਜਿਪਸਮ ਦੇ ਡੰਪ ਨੂੰ ਲੈ ਕੇ ਕੀਰਤਪੁਰ ਸਾਹਿਬ ਟਰਾਂਸਪੋਰਟ ਸੋਸਾਇਟੀ ਤੇ ਟਰਾਂਸਪੋਰਟਰ ਆਹਮੋ-ਸਾਹਮਣੇ
NEXT STORY