ਫਾਜ਼ਿਲਕਾ(ਨਾਗਪਾਲ)-ਫਾਜ਼ਿਲਕਾ, ਅਬੋਹਰ, ਜਲਾਲਾਬਾਦ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ 54 ਡੇਂਗੂ ਪਾਜ਼ੇਟਿਵ ਮਰੀਜ਼ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਫਾਜ਼ਿਲਕਾ ਸ਼ਹਿਰ ਦੇ ਤਹਿਤ 17, ਅਬੋਹਰ 9, ਜਲਾਲਾਬਾਦ ਵਿਚ ਇਕ ਅਤੇ ਇਸ ਤੋਂ ਇਲਾਵਾ ਰੂਰਲ ਏਰੀਏ ਤਹਿਤ ਵੱਖ-ਵੱਖ ਪਿੰਡਾਂ ਵਿਚ 27 ਕੇਸ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ 'ਚੋਂ ਜ਼ਿਆਦਾਤਰ ਕੇਸ ਚੰਡੀਗੜ੍ਹ, ਦਿੱਲੀ ਅਤੇ ਹੋਰਨਾਂ ਸ਼ਹਿਰਾਂ 'ਚ ਪੜ੍ਹ ਰਹੇ ਬੱਚਿਆਂ ਅਤੇ ਨੌਕਰੀ ਕਰਨ ਵਾਲੇ ਵਿਦਿਆਰਥੀਆਂ ਦੇ ਹਨ। ਡੇਂਗੂ ਦੇ ਕੇਸ ਮਿਲਣ ਤੋਂ ਬਾਅਦ ਵਿਭਾਗ ਵੱਲੋਂ ਬਣਦੀ ਕਾਰਵਾਈ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਜਾ ਰਹੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਜਿਥੇ ਕਿਤੇ ਵੀ ਡੇਂਗੂ ਦੇ ਕੇਸ ਮਿਲੇ ਹਨ, ਉਸ ਖੇਤਰ ਵਿਚ ਐਂਟੀ ਲਾਰਵਾ ਅਤੇ ਐਂਟੀ ਇਨਸੈਕਟ ਕਾਰਵਾਈ ਦੇ ਤਹਿਤ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਅਤੇ ਹੋਰ ਵੈਕਟਰ ਬੌਰਨ ਬੀਮਾਰੀਆਂ ਤੋਂ ਬਚਾਅ ਸਬੰਧੀ ਸ਼ਹਿਰ ਵਿਚ ਰੁਟੀਨ 'ਚ ਫੌਗਿੰਗ ਕਰਵਾਉਣੀ ਬਣਦੀ ਹੈ, ਜਿਸ ਸਬੰਧੀ ਨਗਰ ਕੌਂਸਲ ਨੂੰ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਫੌਗਿੰਗ ਕਰਵਾਉਣ ਲਈ ਪੱਤਰ ਵੀ ਜਾਰੀ ਕੀਤੇ ਗਏ ਹਨ। ਜ਼ਿਲੇ ਤਹਿਤ ਸਿਹਤ ਸੰਸਥਾਵਾਂ ਵਿਚ ਡੇਂਗੂ ਦੇ ਸਪੈਸ਼ਲ ਵਾਰਡ ਬਣਾਏ ਗਏ ਹਨ ਅਤੇ ਡੇਂਗੂ ਦਾ ਟੈਸਟ ਜ਼ਿਲਾ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।
ਇਨ੍ਹਾਂ-ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਸ ਸੀਜ਼ਨ ਦੌਰਾਨ ਡੇਂਗੂ ਤੋਂ ਬਚਾਅ ਅਤੇ ਰੋਕਥਾਮ ਸਬੰਧੀ ਪ੍ਰਸ਼ਾਸਨ ਦੀ ਸਹਾਇਤਾ ਕਰਨ, ਆਪਣੇ ਘਰ, ਦਫ਼ਤਰਾਂ ਤੇ ਆਲੇ-ਦੁਆਲੇ ਦੀ ਸਫ਼ਾਈ ਦਾ ਪੂਰਾ ਧਿਆਨ ਰੱਖਣ। ਘਰਾਂ ਵਿਚ ਕੂਲਰਾਂ, ਗਮਲਿਆਂ, ਫਰਿੱਜਾਂ ਪਿੱਛੇ ਲੱਗੀ ਪਾਣੀ ਵਾਲੀ ਟਰੇਅ, ਛੱਤਾਂ 'ਤੇ ਪਏ ਟੁੱਟੇ ਸਾਮਾਨ ਵਿਚ ਪਾਣੀ ਇਕੱਠਾ ਨਾ ਹੋਣ ਦਿਓ ਕਿਉਂਕਿ ਡੇਂਗੂ ਦਾ ਮੱਛਰ ਸਾਫ਼ ਖੜ੍ਹੇ ਪਾਣੀ ਵਿਚ ਪਲਦਾ ਹੈ। ਇਸ ਤੋਂ ਇਲਾਵਾ ਲੋਕ ਆਪਣੇ ਘਰਾਂ ਦੇ ਬਾਹਰ ਬਣੀਆਂ ਨਾਲੀਆਂ ਵਿਚ ਸੜਿਆ ਹੋਇਆ ਕਾਲਾ ਤੇਲ ਅਤੇ ਡੀਜ਼ਲ ਆਦਿ ਪਾ ਕੇ ਵੀ ਡੇਂਗੂ ਤੋਂ ਬਚ ਸਕਦੇ ਹਨ। ਇਸ ਮੌਕੇ ਡਾ. ਅਸ਼ਵਿੰਦਰ ਕੌਰ ਨੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਰਾਤ ਨੂੰ ਪੂਰੀ ਬਾਂਹ ਅਤੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਓ ਅਤੇ ਬੁਖਾਰ ਹੋਣ 'ਤੇ ਨੇੜਲੇ ਸਿਹਤ ਕੇਂਦਰ ਵਿਚ ਆਪਣੇ ਖੂਨ ਦੀ ਜਾਂਚ ਕਰਵਾਓ।
ਸਕੂਲ ਬੰਦ ਕਰਨ ਦੇ ਵਿਰੋਧ 'ਚ ਬੀ. ਐੱਡ ਫਰੰਟ ਨੇ ਕੀਤਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
NEXT STORY