ਚੰਡੀਗੜ੍ਹ (ਸ਼ੀਨਾ) : ਮਾਨਸੂਨ ਮੌਸਮ ’ਚ ਡੇਂਗੂ ਤੇ ਮਲੇਰੀਆ ਵਰਗੀਆਂ ਮੱਛਰਾਂ ਨਾਲ ਫ਼ੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਐਂਟੀ-ਲਾਰਵਾ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਮੁਹਿੰਮ ਤਹਿਤ ਜਿਨ੍ਹਾਂ ਘਰਾਂ, ਦੁਕਾਨਾਂ ਜਾਂ ਹੋਰ ਥਾਵਾਂ ’ਤੇ ਵਾਰ-ਵਾਰ ਮੱਛਰਾਂ ਦਾ ਲਾਰਵਾ ਮਿਲੇਗਾ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਸਾਰੇ ਸੈਕਟਰਾਂ ਤੇ ਵਾਰਡਾਂ ’ਚ ਨਿਯਮਿਤ ਨਿਰੀਖਣ ਸ਼ੁਰੂ ਕਰ ਦਿੱਤਾ ਹੈ। ਨਵੀਂ ਵਿਵਸਥਾ ਅਨੁਸਾਰ ਪਹਿਲੀ ਵਾਰ ਲਾਰਵਾ ਮਿਲਣ ’ਤੇ ਸਬੰਧਿਤ ਵਿਅਕਤੀ ਨੂੰ ਚਿਤਾਵਨੀ ਦੇ ਕੇ ਅਧਿਕਾਰਕ ਨੋਟਿਸ ਜਾਰੀ ਕੀਤਾ ਜਾਵੇਗਾ। ਜੇਕਰ ਉਸੇ ਥਾਂ ’ਤੇ ਦੂਜੀ ਵਾਰ ਵੀ ਲਾਰਵਾ ਮਿਲਦਾ ਹੈ ਤਾਂ ਮੌਕੇ ’ਤੇ ਹੀ 500 ਦਾ ਚਲਾਨ ਕੱਟਿਆ ਜਾਵੇਗਾ।
ਸਿਹਤ ਵਿਭਾਗ ਅਧਿਕਾਰੀਆਂ ਨੇ ਕਿਹਾ ਕਿ ਬਰਸਾਤ ਦੌਰਾਨ ਕੂਲਰ, ਗਮਲੇ, ਪੁਰਾਣੇ ਟਾਇਰ, ਕਬਾੜ ਤੇ ਖੁੱਲ੍ਹੇ ਭਾਂਡਿਆਂ ’ਚ ਖੜ੍ਹਾ ਪਾਣੀ ਮੱਛਰਾਂ ਦੇ ਪੈਦਾ ਹੋਣ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਘਰਾਂ ਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਹਫ਼ਤੇ ’ਚ ਇਕ ਦਿਨ ‘ਡਰਾਈ ਡੇਅ’ ਮਨਾਉਂਦੇ ਹੋਏ ਕੂਲਰ ਦਾ ਪਾਣੀ ਪੂਰੀ ਤਰ੍ਹਾਂ ਖਾਲੀ ਕਰਨ, ਪਾਣੀ ਦੀਆਂ ਟੈਂਕੀਆਂ ਢੱਕ ਕੇ ਰੱਖਣ ਤੇ ਘਰ ਦੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਲਈ ਵੀ ਕਿਹਾ ਹੈ।
ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਸੁਮਨ ਸਿੰਘ ਨੇ ਕਿਹਾ ਕਿ ਮਾਨਸੂਨ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਹਸਪਤਾਲਾਂ ’ਚ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ ਤੇ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ, ਕਿਉਂਕਿ ਬਚਾਅ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ।
Punjab:ਕੁੱਤਿਆਂ ਨੇ ਜਵਾਕੜੀ ਨੂੰ ਨੋਚ-ਨੋਚ ਮਾਰਿਆ, ਤੜਫ਼-ਤੜਫ਼ ਨਿਕਲੀ ਜਾਨ
NEXT STORY