ਨੂਰਮਹਿਲ (ਸ਼ਰਮਾਂ): ਯੁਗਦ੍ਰਿਸ਼ਟਾ, ਬ੍ਰਹਮਗਿਆਨ ਪ੍ਰਦਾਤਾ ਅਤੇ ਮਨੁੱਖਤਾ ਦੇ ਅਧਿਆਤਮਿਕ ਮਾਰਗਦਰਸ਼ਕ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਾਵਨ ਪ੍ਰੇਰਣਾ ਅਤੇ ਦਿਵਯ ਮਾਰਗਦਰਸ਼ਨ ਹੇਠ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਨੂਰਮਹਿਲ ਆਸ਼ਰਮ ਵਿਖੇ ਗੁਰੂ ਪੂਰਨਿਮਾ ਮਹਾਂਉਤਸਵ ਸ਼ਰਧਾ, ਭਗਤੀ ਅਤੇ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦਾ ਸ਼ੁਭ ਆਰੰਭ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਬ੍ਰਹਮਗਿਆਨੀ ਸ਼ਿਸ਼ ਅਤੇ ਸ਼ਿਸ਼ਿਆਵਾਂ ਵੱਲੋਂ ਵੇਦਿਕ ਮੰਤਰਾਂ ਦੇ ਪਵਿੱਤਰ ਉਚਾਰਨ ਨਾਲ ਕੀਤਾ ਗਿਆ। ਮੰਤਰ ਉਚਾਰਨ ਦੀਆਂ ਦਿਵਯ ਤਰੰਗਾਂ ਨੇ ਸਮੁੱਚੇ ਵਾਤਾਵਰਣ ਨੂੰ ਅਧਿਆਤਮਿਕ ਊਰਜਾ ਅਤੇ ਸਕਾਰਾਤਮਕਤਾ ਨਾਲ ਭਰਪੂਰ ਕਰ ਦਿੱਤਾ। ਸਾਧਵੀ ਤਪਸਵਿਨੀ ਭਾਰਤੀ ਜੀ ਨੇ ਮੰਚ ਸੰਚਾਲਨ ਦੀ ਸ਼ੁਰੂਆਤ ਕਰਦਿਆਂ ਪੰਜ ਲੱਖ ਤੋਂ ਵੱਧ ਸ਼ਰਧਾਲੂਆਂ ਦਾ ਆਤਮਿਕ ਸਵਾਗਤ ਕੀਤਾ। ਸਮਾਗਮ ਦੌਰਾਨ ਸਮੁੱਚੀ ਮਨੁੱਖਤਾ, ਵਿਸ਼ਵ ਸ਼ਾਂਤੀ, ਸਮਾਜਿਕ ਸਦਭਾਵਨਾ ਅਤੇ ਹਰੇਕ ਜੀਵ ਦੇ ਕਲਿਆਣ ਲਈ ਪ੍ਰਾਰਥਨਾ ਦਾ ਗਾਇਨ ਕੀਤਾ ਗਿਆ। ਇਸ ਉਪਰੰਤ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਦਿਵਯ ਆਰਤੀ ਅਤੇ ਵਿਧੀਵਤ ਪੂਜਨ ਸੰਪੰਨ ਹੋਇਆ। ਜਗਮਗਾਉਂਦੇ ਦੀਵਿਆਂ ਦੀ ਪਵਿੱਤਰ ਜੋਤ, ਸੁਗੰਧਿਤ ਫੁੱਲਾਂ ਦੀ ਮਹਿਕ, ਭਗਤੀਮਈ ਸੰਗੀਤ ਅਤੇ ਹਜ਼ਾਰਾਂ ਸ਼ਰਧਾਲੂਆਂ ਦੇ ਇਕਸੁਰ ਭਾਵਾਂ ਨੇ ਅਜਿਹਾ ਅਧਿਆਤਮਿਕ ਦ੍ਰਿਸ਼ ਪੇਸ਼ ਕੀਤਾ, ਮਾਨੋ ਹਰ ਹਿਰਦੇ ਵਿੱਚ ਗੁਰੂ-ਭਗਤੀ ਦਾ ਦੀਵਾ ਜਗਮਗਾ ਉੱਠਿਆ ਹੋਵੇ।

ਸਾਧਵੀ ਵੈਸ਼ਣਵੀ ਭਾਰਤੀ ਜੀ ਨੇ ਆਪਣੇ ਅਧਿਆਤਮਿਕ ਪ੍ਰਵਚਨਾਂ ਵਿਚ ਕਿਹਾ, ਗੁਰੂ ਪੂਰਨਿਮਾ ਦਾ ਇਹ ਉਤਸਵ ਸਾਡੇ ਲਈ ਇੱਕ ਕਸੌਟੀ ਦਾ ਕੰਮ ਕਰਦਾ ਹੈ। ਇਹ ਸਾਨੂੰ ਆਤਮ-ਮੰਥਨ ਕਰਨ ਦਾ ਮੌਕਾ ਦਿੰਦਾ ਹੈ ਕਿ ਬੀਤੇ 365 ਦਿਨਾਂ ਦੌਰਾਨ ਕੀ ਅਸੀਂ ਗੁਰੂ ਦੀ ਆਗਿਆ ਵਿੱਚ ਅਡੋਲ ਰਿਹ ਉਨ੍ਹਾਂ ਕਿਹਾ ਕਿ ਗੁਰੂ ਪ੍ਰਤੀ ਸੱਚੀ ਸ਼ਰਧਾ ਕੇਵਲ ਸ਼ਬਦਾਂ, ਫੁੱਲਾਂ ਜਾਂ ਬਾਹਰੀ ਕਿਰਿਆਵਾਂ ਤੱਕ ਸੀਮਿਤ ਨਹੀਂ ਹੁੰਦੀ। ਗੁਰੂ ਪ੍ਰਤੀ ਅਸਲ ਸਮਰਪਣ ਉਸ ਸਮੇਂ ਸਿੱਧ ਹੁੰਦਾ ਹੈ, ਜਦੋਂ ਸ਼ਿਸ਼ ਉਨ੍ਹਾਂ ਦੇ ਵਿਚਾਰਾਂ, ਮਰਿਆਦਾਵਾਂ ਅਤੇ ਅਧਿਆਤਮਿਕ ਸਿਧਾਂਤਾਂ ਨੂੰ ਆਪਣੇ ਆਚਰਣ ਵਿੱਚ ਪ੍ਰਗਟ ਕਰਦਾ ਹੈ। ਸਵਾਮੀ ਮੋਹਨਪੁਰੀ ਜੀ ਨੇ ਕਿਹਾ ਕਿ ਗੁਰੂ ਦੇ ਵਚਨਾਂ ਨੂੰ ਸਵੀਕਾਰ ਕਰਨਾ, ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਆਪਣੇ ਆਪ ਨੂੰ ਢਾਲਣਾ ਅਤੇ ਜੀਵਨ ਦੀ ਹਰ ਪਰਿਸਥਿਤੀ ਵਿੱਚ ਸੱਚ ਦੇ ਮਾਰਗ ’ਤੇ ਅਡੋਲ ਰਹਿਣਾ ਹੀ ਅਸਲ ਗੁਰੂ-ਪੂਜਾ ਹੈ। ਜਦੋਂ ਸ਼ਿਸ਼ ਪੂਰਨ ਵਿਸ਼ਵਾਸ ਨਾਲ ਗੁਰੂ ਦੇ ਮਾਰਗ ’ਤੇ ਤੁਰ ਪੈਂਦਾ ਹੈ, ਤਾਂ ਉਹ ਸੰਸਾਰ ਦੀ ਪ੍ਰਸ਼ੰਸਾ, ਨਿੰਦਾ, ਵਿਰੋਧ ਜਾਂ ਪਰਿਸਥਿਤੀਆਂ ਦੀ ਪਰਵਾਹ ਨਹੀਂ ਕਰਦਾ। ਸਾਧਵੀ ਮਾਨਸਵਿਨੀ ਭਾਰਤੀ ਜੀ ਨੇ ਵਰਤਮਾਨ ਯੁੱਗ ਦੀਆਂ ਪਰਿਸਥਿਤੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ—“ਕੁਟਿਲ ਚਾਲ ਕਲਿਕਾਲ ਚੱਲ ਰਿਹਾ, ਯੁੱਗ ਦੀ ਗਤੀ ਪਛਾਣੋ।” ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਤੇ ਦੇਸ਼ਾਂ ਵਿਚਕਾਰ ਯੁੱਧ ਅਤੇ ਸੰਘਰਸ਼ ਦਿਖਾਈ ਦੇ ਰਹੇ ਹਨ, ਤਾਂ ਕਿਤੇ ਕੁਦਰਤ ਅਤੇ ਮੌਸਮ ਦੀਆਂ ਅਸੰਤੁਲਿਤ ਗਤੀਵਿਧੀਆਂ ਚਿੰਤਾ ਪੈਦਾ ਕਰ ਰਹੀਆਂ ਹਨ। ਸਮਾਜਿਕ ਕਦਰਾਂ-ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਆਤਮਿਕ ਤੌਰ ’ਤੇ ਜਾਗ੍ਰਿਤ ਸਾਧਕ ਪਰਿਸਥਿਤੀਆਂ ਤੋਂ ਡਰਨ ਜਾਂ ਭਰਮਿਤ ਹੋਣ ਦੀ ਬਜਾਏ ਸੁਚੇਤ ਰਹਿੰਦਾ ਹੈ ਅਤੇ ਆਪਣੇ ਵਿਵੇਕ, ਸਾਧਨਾ ਅਤੇ ਗੁਰੂ ਦੇ ਮਾਰਗਦਰਸ਼ਨ ਰਾਹੀਂ ਆਪਣੇ ਆਪ ਨੂੰ ਇਨ੍ਹਾਂ ਦੇ ਪ੍ਰਭਾਵ ਤੋਂ ਸੁਰੱਖਿਅਤ ਰੱਖਦਾ ਹੈ।

ਸਵਾਮੀ ਸੱਜਣਾਨੰਦ ਜੀ ਨੇ ਮੰਚ ਸੰਚਾਲਨ ਨੂੰ ਅੱਗੇ ਵਧਾਉਂਦਿਆਂ ਨੂਰਮਹਿਲ ਆਸ਼ਰਮ ਦੀ ਅਧਿਆਤਮਿਕ ਮਹਿਮਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਆਸ਼ਰਮ, ਸਤਿਸੰਗ ਅਤੇ ਗੁਰੂ-ਕਾਰਜ ਨਾਲ ਨਿਰੰਤਰ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਪੇਸ਼ ਕੀਤੇ ਗਏ ਪੰਜਾਬੀ ਭਜਨ “ਸਭ ਨੇ ਭੰਗੜਾ ਪਾਉਣਾ”ਨੇ ਸਮੁੱਚੇ ਵਾਤਾਵਰਣ ਨੂੰ ਭਗਤੀਮਈ ਉਤਸ਼ਾਹ ਨਾਲ ਭਰ ਦਿੱਤਾ। ਇਸ ਪਾਵਨ ਮੌਕੇ ਤੇ ਦੇਸ਼ ਵਿਦੇਸ਼ ਤੋਂ ਪਹੁੰਚੇ ਸ਼ਰਧਾਲੂਆਂ ਤੋਂ ਇਲਾਵਾ ਬਹੁਤ ਸਾਰੇ ਸੂਬਿਆਂ ਤੋਂ ਵੀ.ਵੀ.ਆਈ.ਪੀ ਵੀ ਉਚੇਚੇ ਤੌਰ ਤੇ ਪਹੁੰਚੇ|
ਬੇਅਦਬੀ ਕਾਨੂੰਨ 'ਚ ਸੋਧਾਂ ਨੂੰ ਲੈ ਕੇ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਵਿਖੇ ਸੌਂਪਿਆ ਪੱਤਰ
NEXT STORY