ਲੁਧਿਆਣਾ, (ਵਿੱਕੀ) : ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਅਧੀਨ ਵਿਦਿਆਰਥੀਆਂ ਦੀ ਭਲਾਈ ਲਈ ਵੱਖ-ਵੱਖ ਵਜ਼ੀਫਾ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਵਿਦਆਰਥੀਆਂ ਦੀ ਭਲਾਈ ਸਬੰਧੀ ਸਕੂਲਾਂ ਵੱਲੋਂ ਪ੍ਰਾਪਤ ਪ੍ਰਤੀ-ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਵਜ਼ੀਫਾ ਸਕੀਮਾਂ ਲਈ ਬਿਨੈ ਕਰਨ ਲਈ ਈ-ਪੰਜਾਬ ਪੋਰਟਲ ਨੂੰ ਦੋ ਦਿਨਾਂ 4 ਨਵੰਬਰ ਅਤੇ 5 ਨਵੰਬਰ ਲਈ ਦੁਬਾਰਾ ਖੋਲ੍ਹਿਆ ਗਿਆ ਹੈ।
ਇਸ ਸੰਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਵੱਖ-ਵੱਖ ਵਜ਼ੀਫਾ ਸਕੀਮਾਂ ਜਿਵੇਂ ਨੌਵੀਂ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪ੍ਰੀ- ਮੈਟ੍ਰਿਕ ਸਕਾਲਰਸ਼ਿਪ ਸਕੀਮ, ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਪੜ੍ਹਦੇ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਨੌਵੀਂ ਤੋਂ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਅਨੂਸੂਚਿਤ ਜਾਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਲਈ ਅਪਗ੍ਰੇਡੇਸ਼ਨ ਆਫ ਮੈਰਿਟ, ਹੁਸ਼ਿਆਰ ਵਿਦਿਆਰਥੀਆਂ ਲਈ ਡਾ.ਹਰਗੋਬਿੰਦ ਖੁਰਾਣਾ ਸਕਾਲਰਸ਼ਿਪ ਸਕੀਮ, ਜਨਰਲ ਸਕਾਲਰਸ਼ਿਪ ਸਕੀਮ ਅਤੇ ਹੋਰ ਵਜ਼ੀਫਾ ਸਕੀਮਾਂ ਲਈ ਪੋਰਟਲ ਨੂੰ 5 ਨਵੰਬਰ ਤੱਕ ਖੋਲ੍ਹਿਆ ਗਿਆ ਹੈ। ਇਨ੍ਹਾਂ ਵਜ਼ੀਫਾ ਸਕੀਮਾਂ ਲਈ ਸਕੂਲ ਪੱਧਰ 'ਤੇ ਅਪਲਾਈ ਕਰਨ ਦੀ ਮਿਤੀ 4 ਅਤੇ 5 ਨਵੰਬਰ 2020 ਕਰ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਪੱਧਰ ਤੇ ਡਾਟਾ ਵੈਰੀਫਾਈ ਕਰਕੇ ਮੁੱਖ ਦਫਤਰ ਨੂੰ ਭੇਜਣ ਦੀ ਮਿਤੀ 4 ਤੋਂ 6 ਨਵੰਬਰ 2020 ਤੱਕ ਕਰ ਦਿੱਤੀ ਗਈ ਹੈ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਤੋਂ ਬਾਅਦ ਪੋਰਟਲ ਨਹੀਂ ਖੋਲ੍ਹਿਆ ਜਾਵੇਗਾ। ਜੇਕਰ ਮਿੱਥੇ ਸਮੇਂ ਵਿੱਚ ਯੋਗ ਵਿਦਿਆਰਥੀ ਅਪਲਾਈ ਕਰਨ ਤੋਂ ਰਹਿ ਜਾਂਦੇ ਹਨ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।
ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
NEXT STORY