ਡੇਰਾ ਬਾਬਾ ਨਾਨਕ (ਵਤਨ) : ਭਾਰਤ ਤੇ ਪਾਕਿਸਤਾਨ ਵਲੋਂ ਬੀਤੇ ਵੀਰਵਾਰ ਨੂੰ ਜ਼ੀਰੋ ਲਾਈਨ 'ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਲਿਖਤੀ ਤੌਰ 'ਤੇ ਸਮਝੌਤਾ ਹੋ ਜਾਣ ਤੋਂ ਬਾਅਦ ਇਸ ਲਾਂਘੇ ਦੇ ਖੁੱਲ੍ਹਣ 'ਚ ਕੋਈ ਅੜਚਣ ਨਹੀਂ ਰਹਿ ਗਈ ਅਤੇ ਸਿਰਫ ਲੋਕ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਬਣ ਰਹੀ ਯਾਤਰੀ ਟਰਮੀਨਲ ਅਤੇ ਲਗਭਗ ਚਾਰ ਕਿਲੋਮੀਟਰ ਲੰਬੀ ਚਾਰ ਮਾਰਗੀ ਸੜਕ ਦੇ ਨਿਰਮਾਣ ਕਾਰਜਾਂ ਦੇ ਖਤਮ ਹੋਣ ਦੀ ਉਡੀਕ ਕਰ ਰਹੇ ਹਨ। ਭਾਰਤ-ਪਾਕਿ ਸਰਹੱਦ 'ਤੇ ਚੱਲ ਰਹੇ ਕਰਤਾਰਪੁਰ ਲਾਂਘੇ ਦੇ ਟਰਮੀਨਲ ਸਬੰਧੀ ਸਮੇਂ-ਸਮੇਂ 'ਤੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ ਕਿ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੀ ਦੇਖ ਰੇਖ ਹੇਠ ਤਿਆਰ ਕੀਤੇ ਜਾ ਰਹੇ। ਇਸ ਟਰਮੀਨਲ ਦਾ ਕੰਮ ਮਿੱਥੇ ਸਮੇਂ 'ਤੇ ਮੁਕੰਮਲ ਨਹੀਂ ਹੋ ਸਕਦਾ ਅਤੇ ਜੇਕਰ ਟਰਮੀਨਲ 'ਚ ਚੱਲ ਰਹੇ ਕੰਮਾਂ 'ਤੇ ਝਾਤ ਮਾਰੀਏ ਤਾਂ ਉਸ ਅੰਦਰ ਪਏ ਕੰਮਾਂ ਦੇ ਖਲਾਰੇ ਨੂੰ ਵੇਖ ਕੇ ਅਜਿਹਾ ਹੀ ਪ੍ਰਤੀਤ ਹੋ ਰਿਹਾ ਹੈ। ਪਰ ਇਸ ਦੇ ਨਾਲ-ਨਾਲ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਗੋਵਿੰਦ ਮੋਹਨ ਤੋਂ ਇਲਾਵਾ ਭਾਰਤ-ਪਾਕਿ ਸਮਝੌਤੇ 'ਤੇ ਦਸਖਤ ਕਰਨ ਲਈ ਆਏ ਉੱਚ ਅਧਿਕਾਰੀ ਐੱਸ.ਸੀ.ਐੱਲ. ਦਾਸ ਨੇ ਵੀ ਇਨ੍ਹਾਂ ਸ਼ੰਕਾਵਾਂ ਨੂੰ ਰੱਦ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਸਬੰਧਤ ਹਰ ਕੰਮ ਨੂੰ 30 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਇਸ ਸਬੰਧੀ ਜਗਬਾਣੀ ਨਾਲ ਗੱਲਬਾਤ ਕਰਦਿਆਂ ਨੈਸ਼ਨਲ ਹਾਈਵੇ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਕਿਹਾ ਕਿ 30 ਅਕਤੂਬਰ ਤੱਕ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਤ ਸਾਰੇ (ਯਾਤਰੀ ਟਰਮੀਨਲ ਅਤੇ ਚਾਰ ਮਾਰਗੀ ਸੜਕ) ਕੰਮਾਂ ਨੂੰ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਯਾਤਰੀ ਟਰਮੀਨਲ ਤੇ ਵੱਖ-ਵੱਖ ਵਿਭਾਗਾਂ 'ਚ ਕਰਮਚਾਰੀ ਅਤੇ ਅਧਿਕਾਰੀ 3 ਸ਼ਿਫਟਾਂ 'ਚ ਕੰਮ ਕਰ ਰਹੇ ਹਨ ਅਤੇ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਕਰਤਾਰਪੁਰ ਲਾਂਘੇ ਦਾ ਕੰਮ ਦੀਵਾਲੀ ਦੇ ਤਿਉਹਾਰ ਅਤੇ ਵਿਸ਼ਕਰਮਾ ਦਿਵਸ ਵਾਲੇ ਦਿਨ ਵੀ ਬੰਦ ਨਹੀਂ ਹੋਵੇਗਾ ਅਤੇ ਪਹਿਲਾਂ ਵਾਂਗ ਹੀ ਕਰਤਾਰਪੁਰ ਕੋਰੀਡੋਰ ਦਾ ਕੰਮ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਟਰਮੀਨਲ ਤੱਕ ਬਣੀ ਲਗਭਗ 4 ਕਿਲੋਮੀਟਰ ਲੰਬੀ ਚਾਰ ਮਾਰਗੀ ਸੜਕ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਿਰਫ ਸੜਕ ਨੂੰ ਸਜਾਉਣ ਦੀਆਂ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਇਹ ਸੜਕ ਸੰਗਤਾਂ ਦੇ ਸਵਾਗਤ ਲਈ ਕਾਫੀ ਸਮੇਂ ਤੋਂ ਤਿਆਰ ਹਨ।
ਇਥੇ ਤੁਹਾਨੂੰ ਦੱਸ ਦਈਏ ਕਿ ਸੜਕ ਦੇ ਨਿਰਮਾਣ ਤੋਂ ਬਾਅਦ ਸੜਕ ਦੇ ਫੁੱਟਪਾਥਾਂ ਦੀ ਸਜਾਵਟ, ਸੜਕ ਦੇ ਕਿਨਾਰਿਆਂ 'ਤੇ ਰੁੱਖ ਲਗਾਉਣ ਦਾ ਕੰਮ, ਬਿਜਲੀ ਦੇ ਖੰਬਿਆਂ ਨੂੰ ਬਿਜਲੀ ਕੁਨਕੈਸ਼ਨ ਦੇਣ, ਸਰਵਿਸ ਰੋਡ ਅਤੇ ਉਸ ਦੇ ਕਿਨਾਰਆਿਂ ਨੂੰ ਕਾਮਿਆਂ ਵਲੋਂ ਦਿਨ ਰਾਤ ਕੰਮ ਕਰਕੇ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕੰਮਾਂ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਦਿਖਾਈ ਨਹੀਂ ਦੇ ਰਹੀ ਅਤੇ ਸੰਗਤਾਂ ਨੂੰ ਆਸ ਹੈ ਕਿ ਮਿੱਥੇ ਸਮੇਂ 'ਤੇ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਘਟੀਆ ਖੋਏ ਦੀ ਰੋਕਥਾਮ ਲਈ ਕੋਲਡ ਸਟੋਰਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਜਾਂਚ ਦੀ ਹਦਾਇਤ
NEXT STORY