ਕੋਟਕਪੂਰਾ (ਨਰਿੰਦਰ)— ਕੋਟਕਪੂਰਾ ਦੇ ਨਾਮ ਚਰਚਾ ਘਰ ਵਿਖੇ ਜੁੜੇ ਡੇਰਾ ਪ੍ਰੇਮੀਆਂ ਵੱਲੋਂ ਬੀਤੇ ਦਿਨ ਨਾਭਾ ਜੇਲ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਅੰਤਿਮ ਸੰਸਕਾਰ ਨਾ ਕਰਨ ਦੇ ਲਏ ਗਏ ਫੈਸਲੇ ਤੋਂ ਬਾਅਦ ਜਿਲਾ ਪ੍ਰਸ਼ਾਸ਼ਨ ਵੱਲੋਂ ਡੇਰਾ ਪ੍ਰੇਮੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਰ ਇਨ੍ਹਾਂ ਕੋਸ਼ਿਸ਼ਾਂ 'ਚ ਸਫਲਤਾ ਨਾ ਮਿਲਦੀ ਦੇਖ ਪੂਰੇ ਜ਼ਿਲੇ 'ਚ ਚੌਕਸੀ ਵਧਾ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਅਤੇ ਐਸ.ਐਸ.ਪੀ. ਫਰੀਦਕੋਟ ਰਾਜਬਚਨ ਸਿੰਘ ਸੰਧੂ ਨੇ ਮ੍ਰਿਤਕ ਡੇਰਾ ਪ੍ਰੇਮੀ ਦੇ ਪਰਿਵਾਰ ਤੇ ਡੇਰਾ ਪ੍ਰੇਮੀਆਂ ਨਾਲ ਮੁਲਾਕਾਤ ਵੀ ਕੀਤੀ। ਪਰ ਡੇਰਾ ਸਿਰਸਾ ਦੀ 7 ਮੈਂਬਰੀ ਕਮੇਟੀ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਜੂਡੀਸ਼ੀਅਲ ਜਾਂਚ ਨਹੀਂ ਹੁੰਦੀ ਤੇ ਡੇਰਾ ਪ੍ਰੇਮੀਆਂ 'ਤੇ ਦਰਜ ਕੀਤੇ ਬੇਅਦਬੀ ਦੇ ਝੂਠੇ ਮਾਮਲੇ ਰੱਦ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮਹਿੰਦਰਪਾਲ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਅੱਜ ਦੇਰ ਸ਼ਾਮ ਸਥਾਨਕ ਐੱਸ.ਡੀ.ਐੱਮ. ਦਫਤਰ ਵਿਖੇ ਇਕ ਜਰੂਰੀ ਮੀਟਿੰਗ ਕੀਤੀ ਗਈ, ਜਿਸ 'ਚ ਇਲਾਕੇ ਦੇ ਰਾਜਸੀ, ਧਾਰਮਿਕ, ਸਮਾਜਸੇਵੀ, ਵਪਾਰਕ ਅਤੇ ਹੋਰ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਏ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਅਤੇ ਐੱਸ.ਐੱਸ.ਪੀ. ਫਰੀਦਕੋਟ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਉਹ ਮ੍ਰਿਤਕ ਮਹਿੰਦਰਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਹਨ ਅਤੇ ਉਨ੍ਹਾਂ ਨੂੰ ਪੂਰਨ ਭਰੋਸਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਲਾਕੇ 'ਚ ਅਮਨ-ਅਮਾਨ ਦੀ ਸਥਿਤੀ ਪੂਰੀ ਤਰ੍ਹਾਂ ਕਾਇਮ ਰੱਖੀ ਜਾਵੇਗੀ। ਇਸ ਲਈ ਭਾਵੇਂ ਕਰਫਿਊ ਲਗਾਉਣ ਵਰਗੇ ਸਖਤ ਕਦਮ ਕਿਉਂ ਨਾ ਉਠਾਉਣੇ ਪੈਣ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿੰਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਇਸ ਮੌਕੇ ਬਲਵਿੰਦਰ ਸਿੰਘ ਐਸ.ਡੀ.ਐਮ., ਬਲਕਾਰ ਸਿੰਘ ਸੰਧੂ ਡੀ.ਐਸ.ਪੀ., ਅਜੇਪਾਲ ਸਿੰਘ ਸੰਧੂ, ਭਾਈ ਰਾਹੁਲ ਸਿੰਘ ਸਿੱਧੂ, ਪਵਨ ਗੋਇਲ ਜੈਤੋ, ਸੂਰਜ ਭਾਰਦਵਾਜ, ਸੁਨੀਤਾ ਗਰਗ, ਮੋਹਨ ਸਿੰਘ ਮੱਤਾ, ਜੈਪਾਲ ਗਰਗ, ਰਾਮਪ੍ਰਕਾਸ਼ ਚੋਪੜਾ, ਉਮਕਾਰ ਗੋਇਲ, ਪ੍ਰਵੀਨ ਕਾਲਾ, ਦਵਿੰਦਰ ਨੀਟੂ, ਮਹਾਸ਼ਾ ਗੁਰਸ਼ਵਿੰਦਰ ਬਰਾੜ, ਉਦੇ ਰੰਧੇਵ, ਰਮਨ ਮਨਚੰਦਾ, ਅਸ਼ਵਨੀ ਖੋਸਲਾ, ਵਿਪਨ ਬਿੱਟੂ ਅਤੇ ਐਡਵੋਕੇਟ ਅਵਤਾਰ ਕ੍ਰਿਸ਼ਨ ਆਦਿ ਵੀ ਹਾਜਰ ਸਨ।
ਟਰੇਨ ਦੀ ਲਪੇਟ 'ਚ ਆਉਣ ਕਾਰਨ ਨਾਬਾਲਗ ਲੜਕੇ ਦੀ ਮੌਤ
NEXT STORY