ਡੇਰਾਬਸੀ (ਗੁਰਜੀਤ ਈਸਾਪੁਰ): ਡੇਰਾਬਸੀ ਦੇ ਪਿੰਡ ਬੇਹੜਾ ਤੋਂ ਇਕੱਠੇ ਲਾਪਤਾ ਹੋਏ ਪੰਜ ਨਾਬਾਲਗ ਬੱਚਿਆਂ ਨੂੰ ਡੇਰਾਬਸੀ ਪੁਲਸ ਨੇ ਤਿੰਨ ਦਿਨਾਂ ਦੀ ਭਾਲ ਮਗਰੋਂ ਸੁਰੱਖਿਅਤ ਲੱਭ ਲਿਆ ਹੈ। ਬੱਚਿਆਂ ਦੇ ਮਿਲਣ ਨਾਲ ਪਰਿਵਾਰਾਂ ਨੇ ਰਾਹਤ ਦਾ ਸਾਹ ਲਿਆ ਅਤੇ ਪੁਲਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ। ਜਾਣਕਾਰੀ ਅਨੁਸਾਰ 7 ਜੂਨ ਨੂੰ ਪਿੰਡ ਬੇਹੜਾ ਦੇ ਰਹਿਣ ਵਾਲੇ ਪੰਜ ਨਾਬਾਲਗ ਬੱਚੇ ਅਚਾਨਕ ਆਪਣੇ ਘਰਾਂ ਤੋਂ ਚਲੇ ਗਏ ਸਨ। ਲਾਪਤਾ ਹੋਣ ਵਾਲਿਆਂ ਵਿਚ ਮਹਾਂਵੀਰ ਸਿੰਘ ਦੀਆਂ ਧੀਆਂ 14 ਸਾਲ ਅਤੇ 12 ਸਾਲ ਤੋਂ ਇਲਾਵਾ ਗੁਆਂਢ ਵਿਚ ਰਹਿਣ ਵਾਲੇ ਖੜਗ ਸਿੰਘ ਦਾ 15 ਸਾਲਾ ਲੜਕਾ ਅਤੇ ਜਗਜੀਵਨ ਰਾਮ ਦਾ ਲੜਕਾ 15 ਸਾਲ ਅਤੇ ਆਲਮ ਦਾ ਲੜਕਾ 15 ਸਾਲ ਸ਼ਾਮਲ ਸਨ।
ਸ਼ੁਰੂ ਵਿਚ ਪਰਿਵਾਰਾਂ ਨੂੰ ਲੱਗਾ ਕਿ ਬੱਚੇ ਆਪਸ ਵਿਚ ਕਿਤੇ ਘੁੰਮਣ ਗਏ ਹੋਣਗੇ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਵਾਪਸ ਨਾ ਆਉਣ 'ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਡੇਰਾਬਸੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਡੇਰਾਬਸੀ ਦੇ ਥਾਣਾ ਮੁਖੀ ਸੁਮਿਤ ਮੋਰ ਦੀ ਅਗਵਾਈ ਹੇਠ ਏ.ਐੱਸ.ਆਈ. ਮਲਕੀਤ ਸਿੰਘ ਦੀ ਟੀਮ ਨੇ ਤਕਨੀਕੀ ਅਤੇ ਮੈਦਾਨੀ ਜਾਂਚ ਕੀਤੀ। ਜਾਂਚ ਦੌਰਾਨ ਬੱਚਿਆਂ ਦੀ ਲੋਕੇਸ਼ਨ ਹੰਡੇਸਰਾ ਇਲਾਕੇ ਵਿੱਚ ਟਰੇਸ ਹੋਈ। ਪੁਲਸ ਮੁਤਾਬਕ ਜਦੋਂ ਬੱਚਿਆਂ ਨੇ ਪੁਲਸ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇਖਿਆ ਤਾਂ ਉਹ ਘਬਰਾ ਗਏ ਅਤੇ ਉੱਥੋਂ ਨਿਕਲ ਗਏ। ਇਸ ਤੋਂ ਬਾਅਦ ਪੁਲਸ ਨੇ ਭਾਲ ਮੁਹਿੰਮ ਹੋਰ ਤੇਜ਼ ਕਰ ਦਿੱਤੀ। ਪੁਲਸ ਦੀ ਲਗਾਤਾਰ ਕੋਸ਼ਿਸ਼ਾਂ ਅਤੇ ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਪੁਲਸ ਨੇ ਮੈਡੀਕਲ ਕਰਵਾਉਣ ਮਗਰੋਂ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ।
ਪੰਜਾਬ 'ਚ ਦਰਦਨਾਕ ਘਟਨਾ, ਚਾਰਾ ਕੱਟਣ ਵਾਲੀ ਮਸ਼ੀਨ 'ਚ ਆਉਣ ਨਾਲ ਦੋ ਬੱਚਿਆਂ ਦੇ ਪਿਓ ਦੀ ਮੌਤ
NEXT STORY