ਗੁਰਦਾਸਪੁਰ (ਹਰਮਨ) : ਸੂਬੇ ਅੰਦਰ ਤਹਿਸੀਲਦਾਰਾਂ ਅਤੇ ਨਾਇਬ ਤਹਸੀਲਦਾਰਾਂ ਵੱਲੋਂ ਕੀਤੀ ਗਈ ਹੜਤਾਲ ਦੇ ਮੱਦੇਨਜਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿਖਾਏ ਗਏ ਸਖਤ ਰੁਖ ਦੇ ਚਲਦਿਆਂ ਬੇਸ਼ੱਕ ਮੁੱਖ ਮੰਤਰੀ ਨੇ ਹੜਤਾਲ 'ਤੇ ਗਏ ਸਮੂਹ ਅਧਿਕਾਰੀਆਂ ਨੂੰ 5 ਵਜੇ ਤੱਕ ਡਿਊਟੀ ’ਤੇ ਹਾਜ਼ਰ ਹੋਣ ਦਾ ਅਲਟੀਮੇਟਮ ਦਿੱਤਾ ਸੀ। ਪਰ ਇਸ ਦੇ ਬਾਵਜੂਦ ਗੁਰਦਾਸਪੁਰ ਤਹਿਸੀਲ ਵਿੱਚ ਰਜਿਸਟਰੀਆਂ ਦਾ ਕੰਮ ਬੰਦ ਰਿਹਾ।

ਇਸ ਦੌਰਾਨ ਨਾਇਬ ਤਹਿਸੀਲਦਾਰ ਆਪਣੀ ਡਿਊਟੀ ’ਤੇ ਮੌਜੂਦ ਰਹੇ ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਾਕੀ ਦੇ ਕੰਮ ਰੂਟੀਨ ਵਾਂਗ ਕਰ ਰਹੇ ਹਨ। ਪਰ ਰਜਿਸਟਰੀਆਂ ਦਾ ਕੰਮ ਨਹੀਂ ਹੋਵੇਗਾ। ਅੱਜ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਤਹਿਸੀਲ ਕੰਪਲੈਕਸ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਰਜਿਸਟਰੀ ਰੂਮ ਬੰਦ ਸੀ ਅਤੇ ਉਸ ਦੇ ਬਾਹਰ ਲੱਗੀਆਂ ਕੁਰਸੀਆਂ ਵੀ ਖਾਲੀ ਸਨ। ਮੌਕੇ 'ਤੇ ਮੌਜੂਦ ਨਾਇਬ ਤਹਿਸੀਲਦਾਰ ਵੱਲੋਂ ਰੂਟੀਨ ਵਾਂਗ ਆਪਣੇ ਕੰਮ ਕੀਤੇ ਜਾ ਰਹੇ ਸਨ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਨਾਇਬ ਤਹਸੀਲਦਾਰ ਨੇ ਕਿਹਾ ਤਹਿਸੀਲ ਕੰਪਲੈਕਸ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੂਟੀਨ ਦੇ ਕੰਮ ਜਾਰੀ ਹਨ। ਰੂਟੀਨ ਦੇ ਕੰਮਾਂ ਦਾ ਯੂਨੀਅਨ ਵੱਲੋਂ ਕੋਈ ਬਾਈਕਾਟ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਹਿਸੀਲਦਾਰਾਂ ਉੱਪਰ ਨਾਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਜਿਸ ਕਾਰਨ ਯੂਨੀਅਨ ਨੇ ਆਪਣੀਆਂ ਮੰਗਾਂ ਰੱਖੀਆਂ ਹਨ। ਪਰ ਯੂਨੀਅਨ ਦੇ ਫੈਸਲੇ ਮੁਤਾਬਕ ਜਿਸ ਤਰ੍ਹਾਂ ਪੂਰੇ ਸੂਬੇ ਅੰਦਰ ਰਜਿਸਟਰੀਆਂ ਦੇ ਕੰਮ ਬੰਦ ਹਨ। ਉਸੇ ਤਰ੍ਹਾਂ ਗੁਰਦਾਸਪੁਰ ਵਿੱਚ ਵੀ ਰਜਿਸਟਰੀਆਂ ਦਾ ਕੰਮ ਨਹੀਂ ਕੀਤਾ ਜਾ ਰਿਹਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸੇ ਹੋਰ ਨੂੰ ਰਜਿਸਟਰੀਆਂ ਦਾ ਕੰਮ ਸੌਂਪਦੀ ਹੈ ਤਾਂ ਸਰਕਾਰ ਦੀ ਮਰਜ਼ੀ ਹੈ ਉਹ ਇਸ ਵਿੱਚ ਕੋਈ ਇਤਰਾਜ਼ ਨਹੀਂ ਕਰਨਗੇ।
'ਕਿਸੇ ਨੇ ਵੀ ਸੜਕਾਂ 'ਤੇ ਨਹੀਂ ਬੈਠਣਾ...', ਧਰਨੇ ਬਾਰੇ ਜੋਗਿੰਦਰ ਸਿੰਘ ਉਗਰਾਹਾਂ ਦੀ ਕਿਸਾਨਾਂ ਨੂੰ ਅਪੀਲ
NEXT STORY