ਬਠਿੰਡਾ(ਬਲਵਿੰਦਰ)-ਪਿੰਡ ਚੁੱਘੇ ਕਲਾਂ ਦੀ ਧਰਮਸ਼ਾਲਾ ਦਾ ਮੁੱਖ ਕਮਰਾ ਖਸਤਾ ਹਾਲਤ ਨਾ ਸਹਾਰਦੇ ਹੋਏ ਕਈ ਮਹੀਨੇ ਪਹਿਲਾਂ ਡਿੱਗ ਪਿਆ ਸੀ, ਜਦਕਿ ਬਾਕੀ ਧਰਮਸ਼ਾਲਾ ਵੀ ਡਿੱਗਣ ਕਿਨਾਰੇ ਖੜ੍ਹੀ ਹੈ, ਜਿਸ ਕਾਰਨ ਆਂਗਣਵਾੜੀ ਬੱਚਿਆਂ ਦੀ ਜਾਨ ਖਤਰੇ 'ਚ ਫਸੀ ਹੋਈ ਹੈ ਪਰ ਪੰਚਾਇਤ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ।
ਕੀ ਹੈ ਮਾਮਲਾ : ਪਿੰਡ ਚੁੱਘੇ ਕਲਾਂ ਦੀ ਸਾਊ ਪੱਤੀ ਦੀ ਕਰੀਬ 5 ਦਹਾਕੇ ਪੁਰਾਣੀ ਧਰਮਸ਼ਾਲਾ ਦੀ ਹਾਲਤ ਲੰਬੇ ਸਮੇਂ ਤੋਂ ਤਰਸਯੋਗ ਬਣੀ ਹੋਈ ਸੀ। ਕੁਝ ਮਹੀਨੇ ਪਹਿਲਾਂ ਇਸ ਦਾ ਮੁੱਖ ਹਾਲ ਕਮਰਾ ਡਿੱਗ ਪਿਆ। ਚੰਗਾ ਹੋਇਆ ਕਿ ਇਹ ਕਮਰਾ ਰਾਤ ਸਮੇਂ ਡਿੱਗਿਆ, ਨਹੀਂ ਤਾਂ ਦਿਨ ਵੇਲੇ ਇਥੇ ਆਂਗਣਵਾੜੀ ਸਕੂਲ ਦੀ ਕਲਾਸ ਲੱਗਦੀ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਬੱਚੇ ਵੀ ਮੌਜੂਦ ਰਹਿੰਦੇ ਹਨ। ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਧਰਮਸ਼ਾਲਾ ਦਾ ਇਕ ਕਮਰਾ ਤੇ ਬਰਾਂਡਾ ਹਾਲੇ ਵੀ ਖੜ੍ਹਾ ਹੈ ਪਰ ਉਹ ਵੀ ਡਿੱਗਣ ਹੀ ਵਾਲਾ ਹੈ, ਜਿਸ ਦੀ ਛੱਤ ਦੇ ਸਰੀਏ ਬਾਹਰ ਲਟਕ ਰਹੇ ਹਨ। ਦੂਜੇ ਪਾਸੇ ਆਂਗਣਵਾੜੀ ਸਕੂਲ ਬਾਦਸਤੂਰ ਇਥੇ ਹੀ ਦੂਸਰੇ ਕਮਰੇ ਵਿਚ ਚੱਲ ਰਿਹਾ ਹੈ ਤੇ ਬੱਚਿਆਂ ਨੂੰ ਬਰਾਂਡੇ ਵਿਚ ਵੀ ਬਿਠਾਇਆ ਜਾਂਦਾ ਹੈ। ਕਰੀਬ 5 ਮਹੀਨਿਆਂ ਤੋਂ ਧਰਮਸ਼ਾਲਾ ਦਾ ਇਹੀ ਹਾਲ ਹੈ ਪਰ ਪੰਚਾਇਤ ਸੁਸਤ ਹੈ।
ਮਾਮਲਾ ਗੰਭੀਰ ਪਰ ਪੰਚਾਇਤ ਨੇ ਧਿਆਨ 'ਚ ਨਹੀਂ ਲਿਆਂਦਾ : ਵਿਧਾਇਕਾ
ਹਲਕਾ ਬਠਿੰਡਾ ਦਿਹਾਤੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦਾ ਕਹਿਣਾ ਹੈ ਕਿ ਮਾਮਲਾ ਬਹੁਤ ਗੰਭੀਰ ਹੈ। ਪੰਚਾਇਤ ਨੇ ਇਸ ਬਾਰੇ ਨਹੀਂ ਦੱਸਿਆ। ਉਹ ਜਲਦੀ ਹੀ ਲੋੜੀਂਦੇ ਕਦਮ ਚੁੱਕਣਗੇ।
ਕੀ ਕਹਿੰਦੀ ਹੈ ਪੰਚਾਇਤ
ਇਸ ਮਾਮਲੇ 'ਤੇ ਸਰਪੰਚ ਸੁਖਜਿੰਦਰ ਸਿੰਘ ਨੀਟੂ ਦਾ ਕਹਿਣਾ ਹੈ ਕਿ ਧਰਮਸ਼ਾਲਾ ਦੀ ਇਮਾਰਤ ਬਣਾਉਣ ਦੀ ਤੁਰੰਤ ਜ਼ਰੂਰਤ ਹੈ ਪਰ ਪੰਚਾਇਤ ਕੋਲ ਫਿਲਹਾਲ ਫੰਡ ਨਹੀਂ ਹੈ। ਇਸ ਸਬੰਧ ਵਿਚ ਉਹ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੂੰ ਵੀ 2-3 ਵਾਰ ਮੰਗ ਪੱਤਰ ਦੇ ਚੁੱਕੇ ਹਨ। ਜੇਕਰ ਪੰਚਾਇਤ ਨੂੰ ਫੰਡ ਮੁਹੱਈਆ ਹੋਣ ਤਾਂ ਸਭ ਤੋਂ ਪਹਿਲਾਂ ਧਰਮਸ਼ਾਲਾ ਦੀ ਹੀ ਉਸਾਰੀ ਕੀਤੀ ਜਾਵੇਗੀ।
ਬ੍ਰਿਜ ਕੋਰਸ ਸਬੰਧੀ ਜਾਰੀ ਪੱਤਰ ਦੀਆਂ ਕਾਪੀਆਂ ਫੂਕੀਆਂ
NEXT STORY