ਸੰਗਤ ਮੰਡੀ(ਮਨਜੀਤ)-ਸੀਵਰੇਜ ਰਜਬਾਹੇ ਦਾ ਗੰਦਾ ਪਾਣੀ ਟੁੱਟ ਕੇ ਨਹਿਰੀ ਬੰਦੀ ਕਾਰਨ ਖਾਲੀ ਪਏ ਬਠਿੰਡਾ ਰਜਬਾਹੇ 'ਚ ਭਰ ਗਿਆ, ਜਦ ਰਜਬਾਹੇ 'ਚ ਨਹਿਰੀ ਪਾਣੀ ਚੱਲੇਗਾ ਤਾਂ ਇਹ ਸੀਵਰੇਜ ਦਾ ਗੰਦਾ ਪਾਣੀ ਦਰਜਨ ਭਰ ਪਿੰਡਾਂ 'ਚ ਬਣੇ ਵਾਟਰ ਵਰਕਸ ਦੇ ਟੈਂਕਾਂ 'ਚ ਰਲੇਗਾ, ਜਿਸ ਨਾਲ ਲੋਕਾਂ ਨੂੰ ਭਿਆਨਕ ਬੀਮਾਰੀਆਂ ਲੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਪਰ ਸਬੰਧਤ ਵਿਭਾਗ ਇਸ ਪ੍ਰਤੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜਾਣਕਾਰੀ ਅਨੁਸਾਰ ਬੁਰਜੀ ਨੰ. 42 ਦੇ ਨਜ਼ਦੀਕ ਬਠਿੰਡਾ ਫੋਕਲ ਪੁਆਇੰਟ ਦੇ ਸਾਹਮਣੇ ਬਠਿੰਡਾ ਰਜਬਾਹੇ ਦੇ ਨਾਲ ਜਾਂਦੇ ਬਠਿੰਡਾ ਦੇ ਸੀਵਰੇਜ ਵਾਲੇ ਰਜਬਾਹੇ 'ਚ ਇਕ ਆਰਜ਼ੀ ਮੋਘਾ ਲੱਗਾ ਹੋਇਆ ਹੈ, ਜਦ ਕੋਈ ਸ਼ਰਾਰਤੀ ਅਨਸਰ ਇਸ ਮੋਘੇ ਨੂੰ ਖੋਲ੍ਹ ਦਿੰਦਾ ਹੈ ਤਾਂ ਸੀਵਰੇਜ ਵਾਲੇ ਰਜਬਾਹੇ ਦਾ ਸਾਰਾ ਗੰਦਾ ਪਾਣੀ ਬਠਿੰਡਾ ਰਜਬਾਹੇ 'ਚ ਦਾਖਲ ਹੋ ਜਾਂਦਾ ਹੈ, ਜਿਹੜਾ ਅੱਗੇ ਇਹ ਇਕ ਦਰਜਨ ਦੇ ਕਰੀਬ ਪਿੰਡਾਂ ਦੇ ਵਾਟਰ ਵਰਕਸਾਂ 'ਚ ਪਹੁੰਚ ਜਾਂਦਾ ਹੈ, ਇਹੀ ਪਾਣੀ ਅੱਗੇ ਲੋਕਾਂ ਦੇ ਘਰਾਂ 'ਚ ਸਪਲਾਈ ਹੁੰਦਾ ਹੈ।
ਇਸ ਰਜਬਾਹੇ ਤੋਂ ਗਿਆਨੀ ਜ਼ੈਲ ਸਿੰਘ ਇੰਜੀ. ਕਾਲਜ ਬਠਿੰਡਾ ਸਮੇਤ ਉਸ 'ਚ ਚੱਲ ਰਹੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਵੀ ਪਾਣੀ ਸਪਲਾਈ ਹੁੰਦਾ ਹੈ, ਜਿਥੇ ਹਜ਼ਾਰਾਂ ਵਿਦਿਆਰਥੀ ਪੜ੍ਹਦੇ ਹਨ। ਪਿੰਡਾਂ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਾਸੇ ਧਿਆਨ ਦੇ ਕੇ ਬਠਿੰਡਾ ਰਜਬਾਹੇ 'ਚ ਪਏ ਸੀਵਰਜ ਦੇ ਪਾਣੀ ਨੂੰ ਨਹਿਰੀ ਪਾਣੀ ਆਉਣ ਤੋਂ ਪਹਿਲਾਂ-ਪਹਿਲਾਂ ਖਾਲੀ ਕਰਵਾਇਆ ਜਾਵੇ ਤਾਂ ਜੋ ਸਮਾਂ ਰਹਿੰਦੇ ਲੋਕਾਂ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ।
ਬਠਿੰਡਾ ਰਜਬਾਹੇ ਤੇ ਸੀਵਰੇਜ ਰਜਬਾਹੇ ਦੀ ਪਟੜੀ ਹੈ ਸਾਂਝੀ
ਨਹਿਰੀ ਵਿਭਾਗ ਦੀ ਇਸ ਨੂੰ ਵੱਡੀ ਗਲਤੀ ਹੀ ਮੰਨਿਆ ਜਾ ਸਕਦਾ ਹੈ ਕਿ ਬਠਿੰਡਾ ਰਜਬਾਹਾ ਤੇ ਬਠਿੰਡਾ ਸੀਵਰੇਜ ਰਜਬਾਹੇ ਦੀ ਪਟੜੀ ਬਿਲਕੁਲ ਸਾਂਝੀ ਹੈ। ਬਠਿੰਡਾ ਰਜਬਾਹੇ ਦੀ ਲਾਈਨਿੰਗ ਟੁੱਟੀ ਹੋਣ ਕਾਰਨ ਖਸਤਾ ਹਾਲਤ ਪਟੜੀ 'ਚੋਂ ਸੀਵਰੇਜ ਰਜਬਾਹੇ ਦਾ ਗੰਦਾ ਪਾਣੀ ਰਿਸ-ਰਿਸ ਕੇ ਬਠਿੰਡਾ ਰਜਬਾਹੇ 'ਚ ਦਾਖਲ ਹੁੰਦਾ ਰਹਿੰਦਾ ਹੈ ਪਰ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਆਪਣੀਆਂ ਅੱਖਾਂ ਮੀਟੀਆਂ ਹੋਈਆਂ ਹਨ। ਪਿੰਡ ਜੈ ਸਿੰਘ ਵਾਲਾ ਦੇ ਮਨਪ੍ਰੀਤ ਸਿੰਘ ਤੇ ਨਰੂਆਣਾ ਵਾਸੀਆਂ ਨੇ ਦੱਸਿਆ ਕਿ ਦੋਵਾਂ ਰਜਬਾਹਿਆਂ 'ਚ ਘੱਟੋ-ਘੱਟ ਦਸ ਫੁੱਟ ਦਾ ਅੰਤਰ ਹੋਣਾ ਚਾਹੀਦਾ ਹੈ ਤਾਂ ਜੋ ਗੰਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਕਸ ਨਾ ਹੋਵੇ ਪਰ ਇਥੇ ਇਹ ਅੰਤਰ ਕਿਤੇ ਨਜ਼ਰ ਨਹੀਂ ਆਉਂਦਾ। ਰਜਬਾਹੇ 'ਚ ਖੜ੍ਹੇ ਸੀਵਰੇਜ ਦੇ ਪਾਣੀ 'ਚੋਂ ਇਸ ਕਦਰ ਬਦਬੂ ਆਉਂਦੀ ਹੈ ਕਿ ਪਾਣੀ ਦੇ ਨਜ਼ਦੀਕ ਖੜ੍ਹਨਾ ਤਾਂ ਦੂਰ ਦੀ ਗੱਲ ਨਜ਼ਦੀਕ ਤੋਂ ਗੁਜ਼ਰਨਾ ਵੀ ਮੁਸ਼ਕਲ ਹੈ। ਹਲਕਾ ਵਿਧਾਇਕਾ ਪ੍ਰੋ. ਰੁਪਿੰਦਰ ਰੂਬੀ ਹਲਕੇ ਦੇ ਲੋਕਾਂ ਪ੍ਰਤੀ ਕਿੰਨੀ ਚਿੰਤਤ ਹੈ, ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਨੂੰ ਇਸ ਸਮੱਸਿਆ ਬਾਰੇ ਵਾਰ-ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਕਿਹੜੇ-ਕਿਹੜੇ ਵਾਟਰ ਵਰਕਸਾਂ ਨੂੰ ਹੁੰਦਾ ਹੈ ਪਾਣੀ ਸਪਲਾਈ
ਗਿਆਨੀ ਜ਼ੈਲ ਸਿੰਘ ਇੰਜੀ. ਕਾਲਜ ਬਠਿੰਡਾ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ, ਨਰੂਆਣਾ, ਗੁਰੂਸਰ ਸੈਣੇਵਾਲਾ, ਜੋਧਪੁਰ ਰੁਮਾਣਾ, ਜੈ ਸਿੰਘ ਵਾਲਾ, ਫੁੱਲੋ ਮਿੱਠੀ, ਜੱਸੀ ਪੌ ਵਾਲੀ, ਗਹਿਰੀ ਭਾਗੀ, ਮਹਿਤਾ, ਗਹਿਰੀ ਬੁੱਟਰ, ਸੰਗਤ ਮੰਡੀ, ਸੰਗਤ ਕਲਾਂ, ਜੱਸੀ ਬਾਗਵਾਲੀ।
ਕਿਸਾਨ ਦੀ ਜ਼ਮੀਨ 'ਤੇ ਧੋਖੇ ਨਾਲ ਕਰਵਾਇਆ ਲੋਨ, 2 ਨਾਮਜ਼ਦ
NEXT STORY