ਪਟਿਆਲਾ (ਜੋਸਨ) - ਸੀ. ਐੱਮ. ਸਿਟੀ ਦੇ ਨਗਰ ਨਿਗਮ ਨੇ ਅੱਜ ਆਪਣੀ ਫਾਇਨਾਂਸ ਐਂਡ ਕੰਨਟੈਕਟ ਕਮੇਟੀ ਦੀ ਮੀਟਿੰਗ ਵਿਚ ਆਏ 52 ਮਤਿਆਂ 'ਤੇ ਮੋਹਰ ਲਾਉਂਦਿਆਂ 4 ਕਰੋੜ ਰੁਪਏ ਤੇ ਵਿਕਾਸ ਕਾਰਜਾਂ 'ਤੇ ਵੀ ਮੋਹਰ ਲਾ ਦਿੱਤੀ ਹੈ। ਨਿਗਮ ਮੇਅਰ ਅਮਰਿੰਦਰ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਮੀਟਿੰਗ ਵਿਚ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਸੀਨੀਅਰ ਡਿਪਟੀ ਮੇਅਰ ਜਗਦੀਸ਼ ਚੌਧਰੀ, ਡਿਪਟੀ ਮੇਅਰ ਹਰਿੰਦਰ ਕੋਹਲੀ, ਵਿਸ਼ੇਸ਼ ਮੈਂਬਰ ਜਸਪਾਲ ਸਿੰਘ ਬਿੱਟੂ ਚੱਠਾ ਤੇ ਐੱਮ. ਐੱਮ. ਸਿਆਲ ਨਿਗਮ ਇੰਜੀਨੀਅਰ ਸਮੇਤ ਹੋਰ ਵੀ ਉੱਚ ਅਧਿਕਾਰੀ ਹਾਜ਼ਰ ਸਨ। ਮੇਅਰ ਅਮਰਿੰਦਰ ਸਿੰਘ ਬਜਾਜ ਤੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਨਗਰ ਨਿਗਮ ਸ਼ਹਿਰ ਨੂੰ ਵਧੀਆ ਬਣਾਉਣ ਲਈ ਵਚਨਬੱਧ ਹੈ। ਅੱਜ ਐੱਫ. ਐਂਡ ਸੀ. ਸੀ. ਵਿਚ ਵੱਖ-ਵੱਖ ਵਾਰਡਾਂ ਲਈ ਵਿਸ਼ੇਸ਼ ਮਿਊਂਸੀਪਲ ਬਜਟ ਵਿਚੋਂ ਕੰਮ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤਹਿਤ ਸਨੌਰ ਰੋਡ ਤੇ ਗਰੀਨ ਬੈਲਟ 'ਤੇ ਵਿਸ਼ੇਸ਼ ਸੜਕ ਲਈ 29 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਟਿਊਬਵੈੱਲਾਂ ਦੀ ਮੇਨਟੀਨੈਂਸ ਦੇ ਖਰਚੇ ਲਈ 12 ਲੱਖ ਰੁਪਏ, ਬਾਬਾ ਦੀਪ ਸਿੰਘ ਨਗਰ ਲਈ 4.65 ਲੱਖ ਰੁਪਏ, ਵਾਰਡ ਨੰਬਰ 2 ਲਈ 2 ਲੱਖ ਰੁਪਏ, ਵਾਰਡ ਨੰਬਰ 8 ਲਈ 3 ਲੱਖ ਰੁਪਏ, ਸਟਰੀਟ ਲਾਈਟ ਐੱਲ. ਈ. ਡੀ. ਪਟਿਆਲਾ ਬਾਈਪਾਸ ਲਈ 42 ਲੱਖ ਰੁਪਏ, ਸਟਰੀਟ ਲਾਈਟ ਪੁਆਇੰਟਸ ਦੀ ਰਿਪੇਅਰ ਲਈ 55 ਲੱਖ ਰੁਪਏ, ਵੱਖ-ਵੱਖ ਪਾਰਕਾਂ ਲਈ 8 ਲੱਖ ਰੁਪਏ ਅਤੇ ਸਫਾਈ ਬੇਲਦਾਰਾਂ ਦੀ ਤਨਖਾਹ ਲਈ 79 ਲੱਖ ਰੁਪਏ ਸਮੇਤ ਹੋਰ ਵੀ ਕੰਮਾਂ ਨੂੰ ਪਾਸ ਕਰ ਦਿੱਤਾ ਗਿਆ ਹੈ। ਮੇਅਰ ਬਜਾਜ ਤੇ ਕਮਿਸ਼ਨਰ ਖਹਿਰਾ ਨੇ ਦੱਸਿਆ ਕਿ ਇਸ ਤਰ੍ਹਾਂ 2000 ਆਵਾਰਾ ਕੁੱਤਿਆਂ ਦੀ ਨਲਬੰਦੀ ਲਈ ਵਿਸ਼ੇਸ਼ ਬਜਟ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਵੀ 30 ਰੁਪਏ ਪ੍ਰਤੀ ਦਿਨ ਨਿਗਮ ਗਊਸ਼ਾਲਾ ਨੂੰ ਦਿੰਦਾ ਰਹੇਗਾ। ਇਸ ਦੇ ਨਾਲ ਹੀ ਗਾਰਬੇਜ ਨੂੰ ਪੱਧਰਾ ਕਰਨ ਲਈ ਵੀ ਵਿਸ਼ੇਸ਼ ਬਜਟ ਪਾਸ ਕਰ ਦਿੱਤਾ ਗਿਆ ਹੈ। ਐੱਫ. ਐਂਡ ਸੀ. ਸੀ. ਨੇ ਸ਼ਹਿਰ ਵਿਚ ਸਫਾਈ ਨੂੰ ਮੁੱਖ ਰਖਦੇ ਹੋਏ ਸ਼ਹਿਰ ਵਿਚ 200 ਡਸਟਬਿਨ ਖਰੀਦਣ ਦੇ ਮਤੇ 'ਤੇ ਵੀ ਮੋਹਰ ਲਾ ਦਿੱਤੀ ਹੈ। ਇਨ੍ਹਾਂ ਡਸਟਬਿਨਾਂ 'ਤੇ 440000 ਰੁਪਏ ਦਾ ਖਰਚਾ ਆਉਣਾ ਹੈ। ਇਸ ਦੇ ਨਾਲ ਹੀ 100 ਹੱਥ-ਰੇਹੜੀਆਂ ਵੀ ਖਰੀਦੀਆਂ ਜਾਣਗੀਆਂ, ਜਿਨ੍ਹਾਂ 'ਤੇ 5 ਲੱਖ 80 ਹਜ਼ਾਰ ਰੁਪਏ ਖਰਚ ਹੋਣਗੇ। ਇਸ ਤੋਂ ਬਿਨਾਂ 100 ਰਿਕਸ਼ਾ ਰੇਹੜੀਆਂ ਵੀ ਖਰੀਦੀਆਂ ਜਾਣਗੀਆਂ, ਜਿਨ੍ਹਾਂ 'ਤੇ 8 ਲੱਖ 47000 ਰੁਪਏ ਖਰਚ ਹੋਣਗੇ।
ਫੌਗਿੰਗ ਮਸ਼ੀਨਾਂ ਲਈ ਵੀ ਵਿਸ਼ੇਸ਼ ਬਜਟ ਪਾਸ : ਨਿਗਮ ਦੀ ਐੱਫ. ਐਂਡ. ਸੀ. ਸੀ. ਬਾਰਿਸ਼ਾਂ ਦੇ ਮੌਸਮ ਨੂੰ ਮੁੱਖ ਰਖਦਿਆਂ ਸ਼ਹਿਰ ਵਿਚ ਮੱਛਰਾਂ ਨੂੰ ਭਜਾਉਣ ਲਈ ਫੌਗਿੰਗ ਮਸ਼ੀਨਾਂ ਦਾ ਵਿਸ਼ੇਸ਼ ਬਜਟ ਵੀ ਪਾਸ ਕਰ ਦਿੱਤਾ ਹੈ। ਇਨ੍ਹਾਂ ਛੋਟੀਆਂ ਮਸ਼ੀਨਾਂ ਰਾਹੀਂ ਛੋਟੀਆਂ ਗਲੀਆਂ ਵਿਚ ਵੀ ਫੌਗਿੰਗ ਕੀਤੀ ਜਾਵੇਗੀ।
ਬਾਰਿਸ਼ ਨੇ ਗਰੀਬ ਦੇ ਘਰ 'ਤੇ ਢਾਹਿਆ ਕਹਿਰ
NEXT STORY