ਡੇਰਾ ਬਾਬਾ ਨਾਨਕ (ਵਤਨ) : ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਤਸੱਲੀਬਖ਼ਸ਼ ਰਹੀ ਅਤੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਵੀ ਦੂਰੋਂ ਦਰਸ਼ਨ-ਦੀਦਾਰ ਕਰਨ ਲਈ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ। ਪ੍ਰਾਪਤ ਜਾਣਕਾਰੀ ਅਨੁਸਾਰ 18ਵੇਂ ਦਿਨ 701 ਸ਼ਰਧਾਲੂ ਲਾਂਘੇ ਰਾਹੀਂ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਗਏ।
'ਜਗ ਬਾਣੀ' ਵੱਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਜਾ ਕੇ ਵੇਖਿਆ ਗਿਆ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਮੌਕੇ ਸੰਗਤਾਂ ਨੂੰ ਪੇਸ਼ ਆ ਰਹੀਆਂ ਸ਼ੁਰੂਆਤੀ ਮੁਸ਼ਕਲਾਂ ਦਿਨ-ਬ-ਦਿਨ ਘੱਟ ਰਹੀਆਂ ਹਨ ਅਤੇ ਸੰਗਤ ਪੂਰੀ ਤਿਆਰੀ ਨਾਲ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਰਹੀਆਂ ਹਨ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਸਬੇ 'ਚ ਹੀ ਕਈ ਕੰਪਿਊਟਰ ਟਾਇਪਿੰਗ ਜਾਂ ਇਸ ਨਾਲ ਸਬੰਧਤ ਕੰਮ ਕਰਨ ਵਾਲੇ ਦੁਕਾਨਦਾਰ ਇਲਾਕੇ ਦੇ ਲੋਕਾਂ ਦੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਬਿਨਾਂ ਫੀਸ ਦੇ ਕਰ ਕੇ ਦੇ ਰਹੇ ਹਨ।
ਇਸ ਸਬੰਧੀ ਐੱਸ. ਐੱਮ. ਟਰੈਵਲਜ਼ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਬਹੁਤ ਸੰਗਤ ਆਉਂਦੀ ਹੈ ਜੋ ਪਾਕਿਸਤਾਨ ਜਾਣ ਦੀ ਇੱਛੁਕ ਹੁੰਦੀ ਹੈ ਪਰ ਉਨ੍ਹਾਂ ਨੂੰ ਇਸ ਸਬੰਧੀ ਸ਼ਰਤਾਂ ਅਤੇ ਦਸਤਾਵੇਜ਼ਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਉਹ ਅਜਿਹੀ ਸੰਗਤ ਨੂੰ ਫ੍ਰੀ ਤੌਰ 'ਤੇ ਸਹੂਲਤ ਦੇ ਕੇ ਉਨ੍ਹਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰ ਦਿੰਦੇ ਹਨ। ਇਸ ਦੇ ਨਾਲ-ਨਾਲ ਉਹ ਸੰਗਤ ਨੂੰ ਭਾਰਤ ਦੇ ਟਰਮੀਨਲ ਤੋਂ ਪਾਕਿਸਤਾਨ ਤੱਕ ਪਹੁੰਚਣ ਤੱਕ ਦੇ ਸਾਰੇ ਨਿਯਮ ਵੀ ਦੱਸ ਦਿੰਦੇ ਹਨ ਤਾਂ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਵਧ ਰਹੀ ਗਿਣਤੀ ਨਾਲ ਡੇਰਾ ਬਾਬਾ ਨਾਨਕ ਦੇ ਬਾਜ਼ਾਰਾਂ ਵਿਚ ਵੀ ਰੌਣਕ ਵਧਣੀ ਸ਼ੁਰੂ ਹੋ ਗਈ ਹੈ ਅਤੇ ਕਸਬੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਰਾਤ ਨੂੰ ਹੀ ਡੇਰਾ ਬਾਬਾ ਨਾਨਕ ਆ ਪਹੁੰਚਦੀ ਹੈ, ਜਿੱਥੇ ਉਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਚੋਲਾ ਸਾਹਿਬ ਦੇ ਵੀ ਦਰਸ਼ਨ ਕਰਦੀ ਹੈ ਅਤੇ ਸ਼ਾਮ ਨੂੰ ਕਸਬੇ ਦੇ ਬਾਜ਼ਾਰਾਂ ਵਿਚ ਖਰੀਦੋ-ਫਰੋਖਤ ਵੀ ਕਰ ਲੈਂਦੀ ਹੈ, ਜਿਸ ਨਾਲ ਕਸਬੇ ਦੇ ਦੁਕਾਨਦਾਰਾਂ ਦਾ ਵਪਾਰ ਵਧਣ ਲੱਗ ਪਿਆ ਹੈ।
ਇਸ ਤੋਂ ਇਲਾਵਾ ਕਰਤਾਰਪੁਰ ਦਰਸ਼ਨ ਸਥੱਲ ਰਾਹੀਂ ਵੀ ਵੱਡੀ ਗਿਣਤੀ 'ਚ ਸੰਗਤਾਂ ਨੇ ਧੁੱਸੀ ਬੰਨ੍ਹ 'ਤੇ ਪਹੁੰਚ ਕੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ।
ਜਲੰਧਰ 'ਚ ਹੋਵੇਗੀ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ, ਭਿੜਨਗੇ 1400 ਪਹਿਲਵਾਨ
NEXT STORY