ਜਲੰਧਰ (ਧਵਨ)-1992 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਗੌਰਵ ਯਾਦਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ ਮਹੀਨੇ ’ਚ ਡੀ. ਜੀ. ਪੀ. ਵਜੋਂ ਨਿਯੁਕਤ ਕੀਤਾ ਸੀ ਤਾਂ ਜੋ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਧਾਰਿਆ ਜਾ ਸਕੇ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਡੀ. ਜੀ. ਪੀ. ਨਿਯੁਕਤ ਹੋਣ ਤੋਂ ਬਾਅਦ ਗੌਰਵ ਯਾਦਵ ਨੇ ਪੁਲਸ ਸੁਧਾਰਾਂ ’ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੁਲਸ ਫੋਰਸ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਖੁਦ ਐੱਸ. ਐੱਚ. ਓ. ਪੱਧਰ ਤਕ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ। ਸੂਬੇ ਵਿਚ ਅਮਨ-ਕਾਨੂੰਨ ਅਤੇ ਪੁਲਸ ਨਾਲ ਸਬੰਧਤ ਕਈ ਮਾਮਲਿਆਂ ਬਾਰੇ ਡੀ. ਜੀ. ਪੀ. ਗੌਰਵ ਯਾਦਵ ਨਾਲ ਗੱਲਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਹੇਠ ਲਿਖੇ ਅਨੁਸਾਰ ਹਨ :
ਸਵਾਲ : ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਕਿਹੋ ਜਿਹੀ ਹੈ?
– ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ ਅਤੇ ਇਸ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਸ ਲਈ ਰੱਖੇ ਗਏ ਟੀਚਿਆਂ ਨੂੰ ਹਾਸਲ ਕਰਨ ਲਈ ਪੰਜਾਬ ਪੁਲਸ ਦੇ ਅਧਿਕਾਰੀ ਅਤੇ ਜਵਾਨ ਲਗਾਤਾਰ ਯਤਨਸ਼ੀਲ ਹਨ।
ਸਵਾਲ– ਗੈਂਗਸਟਰਾਂ ਵੱਲੋਂ ਕਿਤੇ-ਕਿਤੇ ਕਤਲ ਕੀਤੇ ਜਾ ਰਹੇ ਹਨ। ਇਸ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇਗਾ?
- ਪੰਜਾਬ ਪੁਲਸ ਨੇ ਗੈਂਗਸਟਰਾਂ ’ਤੇ ਦਬਾਅ ਬਣਾਇਆ ਹੋਇਆ ਹੈ। ਸੂਬੇ ’ਚ ਪਿਛਲੇ ਕੁਝ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਨੂੰ ਵੇਖਦੇ ਹੋਏ ਆਉਣ ਵਾਲੇ ਸਮੇਂ ਵਿਚ ਪੰਜਾਬ ਪੁਲਸ ਨੂੰ ਹੋਰ ਵੀ ਸਫਲਤਾਵਾਂ ਮਿਲਣਗੀਆਂ।
ਇਹ ਵੀ ਪੜ੍ਹੋ : ਗੰਨਮੈਨ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, 2 ਸਾਲਾ ਪੁੱਤ ਨੇ ਦਿੱਤੀ ਮੁੱਖ ਅਗਨੀ
ਸਵਾਲ–ਪੰਜਾਬ ਪੁਲਸ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ, ਜਿਸ ਨੇ ਅੱਤਵਾਦ ’ਤੇ ਕਾਬੂ ਪਾ ਕੇ ਵਿਸ਼ਵ ਪੱਧਰ ’ਤੇ ਪ੍ਰਸਿੱਧੀ ਹਾਸਲ ਕੀਤੀ ਸੀ। ਕੀ ਪੰਜਾਬ ਪੁਲਸ ਸੂਬੇ ਵਿਚ ਗੈਂਗਸਟਰਾਂ ਨੂੰ ਨੱਥ ਪਾਉਣ ਵਿਚ ਕਾਮਯਾਬ ਹੋਵੇਗੀ?
– ਇਹ ਸੱਚ ਹੈ ਕਿ ਪੰਜਾਬ ਪੁਲਸ ਨੇ ਅੱਤਵਾਦ ’ਤੇ ਕਾਬੂ ਪਾ ਕੇ ਸ਼ਾਨਦਾਰ ਇਤਿਹਾਸ ਸਿਰਜਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਵਿਚ ਪੰਜਾਬ ਪੁਲਸ ਕਾਫ਼ੀ ਹੱਦ ਤਕ ਕਾਮਯਾਬ ਵੀ ਹੋਈ ਹੈ।
ਸਵਾਲ–ਪੰਜਾਬ ਦੇ ਪੁਲਸ ਅਧਿਕਾਰੀਆਂ ਨਾਲ ਕੱਲ ਵੀਡੀਓ ਕਾਨਫ਼ਰੰਸਿੰਗ ਕਰਕੇ ਤੁਸੀਂ ਕੀ ਹਦਾਇਤਾਂ ਜਾਰੀ ਕੀਤੀਆਂ ਸਨ?
-ਸਾਰੇ ਪੁਲਸ ਕਮਿਸ਼ਨਰਾਂ, ਐੱਸ. ਐੱਸ. ਪੀਜ਼., ਆਈ. ਜੀ. ਅਤੇ ਡੀ. ਆਈ. ਜੀ. ਅਤੇ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਸੰਗਠਿਤ ਅਪਰਾਧਾਂ ’ਤੇ ਨਕੇਲ ਕੱਸਣ, ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਅਤੇ ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਸਵਾਲ–ਸਰਹੱਦ ਪਾਰ ਤੋਂ ਡਰੋਨ ਅਜੇ ਵੀ ਆ ਰਹੇ ਹਨ, ਜਿਨ੍ਹਾਂ ਵਿਚ ਹਥਿਆਰ ਤੇ ਨਸ਼ੇ ਵਾਲੇ ਪਦਾਰਥ ਭੇਜੇ ਜਾ ਰਹੇ ਹਨ?
- ਸਰਹੱਦ ਪਾਰ ਤੋਂ ਡਰੋਨਾਂ ਦਾ ਆਉਣਾ ਚਿੰਤਾ ਦਾ ਵਿਸ਼ਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਇਆ ਹੈ। ਸਰਹੱਦੀ ਖੇਤਰਾਂ ਵਿਚ ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ ਹੈ। ਪਿਛਲੇ 10 ਦਿਨਾਂ ਵਿਚ ਜੋ ਵੀ ਡਰੋਨ ਸਰਹੱਦ ਪਾਰ ਤੋਂ ਆਏ, ਉਨ੍ਹਾਂ ਨੂੰ ਫੜਨ ’ਚ ਬੀ.ਐੱਸ.ਐੱਫ. ਤੇ ਪੰਜਾਬ ਪੁਲਸ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ।
ਸਵਾਲ–ਪੰਜਾਬ ’ਚ ਨਸ਼ਿਆਂ ਦਾ ਮੁੱਦਾ ਵੀ ਇਕ ਅਹਿਮ ਮਸਲਾ ਹੈ। ਇਸ ’ਤੇ ਰੋਕ ਲਾਉਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ?
-ਇਹ ਸੱਚ ਹੈ ਕਿ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਵੀ ਇਕ ਅਹਿਮ ਮੁੱਦਾ ਹੈ ਅਤੇ ਸਾਰੇ ਪੁਲਸ ਅਧਿਕਾਰੀਆਂ ਨੂੰ ਨਸ਼ਾ ਸਮੱਗਲਰਾਂ ਦੇ ਮਾਮਲੇ ਵਿਚ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਲਈ ਕਿਹਾ ਗਿਆ ਹੈ। ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਨ ਜਲਦ ਤੋਂ ਜਲਦ ਅਦਾਲਤਾਂ ਵਿਚ ਪੇਸ਼ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਕੁਰਕ ਕਰਵਾਉਣ ਦਾ ਕੰਮ ਵੀ ਜਾਰੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ 'ਚੋਂ ਫਾਰਗ ਕੀਤੇ ਗਏ ਬੀਬੀ ਜਗੀਰ ਕੌਰ ਨਾਲ ਖ਼ਾਸ ਗੱਲਬਾਤ, ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ
ਸਵਾਲ- ਕੀ ਪੁਲਸ ਨੂੰ ਨਸ਼ਾ ਸਮੱਗਲਰਾਂ ਦੇ ਮਾਮਲੇ ’ਚ ਸਫ਼ਲਤਾ ਮਿਲੀ ਹੈ?
ਪਿਛਲੇ ਸਮੇਂ ’ਚ ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਗੁਜਰਾਤ, ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਵਿਚ ਨਸ਼ਿਆਂ ਦੀ ਖੇਪ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਸੂਬਾ ਪੁਲਸ ਦੇ ਅਧਿਕਾਰੀਆਂ ਤੇ ਜਵਾਨਾਂ ਦਾ ਮਨੋਬਲ ਉੱਚਾ ਹੈ ਅਤੇ ਨਸ਼ਾ ਸਮੱਗਲਰਾਂ ’ਤੇ ਅੱਗੇ ਵੀ ਦਬਾਅ ਬਣਿਆ ਰਹੇਗਾ।
ਸਵਾਲ : ਮੁੱਖ ਮੰਤਰੀ ਨੇ ਸੂਬਾ ਪੁਲਸ ਨੂੰ ਜੋ ਸੁਨੇਹਾ ਦਿੱਤਾ ਸੀ ਕਿ ਪੰਜਾਬ ਗੈਂਗਸਟਰ ਮੁਕਤ ਬਣੇ, ਨਸ਼ਾ ਸਮੱਗਲਰਾਂ ਦੀ ਜਗ੍ਹਾ ਜੇਲ ਦੀਆਂ ਸਲਾਖਾਂ ਪਿੱਛੇ ਹੋਵੇ। ਇਹ ਟੀਚਾ ਕਦੋਂ ਤਕ ਪੂਰਾ ਕਰ ਲਿਆ ਜਾਵੇਗਾ?
- ਪੰਜਾਬ ਪੁਲਸ ਇਸ ਦਿਸ਼ਾ ’ਚ ਲਗਾਤਾਰ ਕੰਮ ਕਰ ਰਹੀ ਹੈ ਅਤੇ ਪਿਛਲੇ 5 ਮਹੀਨਿਆਂ ਵਿਚ ਪੁਲਸ ਨੇ ਕਈ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਨਸ਼ਾ ਸਮੱਗਲਰ ਵੀ ਫੜੇ ਗਏ ਹਨ। ਸਾਡੀਆਂ ਨਜ਼ਰਾਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੀਆਂ ਵੱਡੀਆਂ ਮੱਛੀਆਂ ’ਤੇ ਟਿਕੀਆਂ ਹੋਈਆਂ ਹਨ। ਸੂਬਾ ਪੁਲਸ ਜਲਦ ਹੀ ਆਪਣੇ ਮਨੋਰਥ ਵਿਚ ਕਾਮਯਾਬ ਹੋਵੇਗੀ। ਉਨ੍ਹਾਂ ਪੰਜਾਬ ਪੁਲਸ ਦੇ ਬਹਾਦਰ ਅਧਿਕਾਰੀਆਂ ਤੇ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਹੈ।
ਇਹ ਵੀ ਪੜ੍ਹੋ : ਜਲੰਧਰ: ਸਕੂਲ ਗਈ 10ਵੀਂ ਦੀ ਵਿਦਿਆਰਥਣ ਲਾਪਤਾ, ਕਾਪੀ 'ਚੋਂ ਮਿਲੇ ਫੋਨ ਨੰਬਰ 'ਤੇ ਹੋਇਆ ਵੱਡਾ ਖ਼ੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਜਗਮੀਤ ਬਰਾੜ ਖ਼ਿਲਾਫ਼ ਅਕਾਲੀ ਦਲ ਦੇ ਤੇਵਰ ਤਿੱਖੇ, ਕੀਤੀ ਜਾ ਸਕਦੀ ਹੈ ਵੱਡੀ ਕਾਰਵਾਈ
NEXT STORY