ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਧਨੌਲਾ ਥਾਣਾ ਕੰਪਲੈਕਸ ਵਿਚ ਵੀਰਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਘਟਨਾ ਤੋਂ ਪਹਿਲਾਂ ਨੌਜਵਾਨ ਵੱਲੋਂ ਕਰੀਬ ਤਿੰਨ ਮਿੰਟ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਗਈ, ਜਿਸ ਵਿਚ ਉਸ ਨੇ ਪੁਲਸ ਅਤੇ ਮਾਲ ਵਿਭਾਗ ਨਾਲ ਜੁੜੇ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਪਰੇਸ਼ਾਨ ਕਰਨ ਅਤੇ ਕਥਿਤ ਤੌਰ ’ਤੇ ਪੈਸਿਆਂ ਦੀ ਮੰਗ ਕਰਨ ਦੇ ਦੋਸ਼ ਲਾਏ। ਘਟਨਾ ਤੋਂ ਬਾਅਦ ਨੌਜਵਾਨ ਨੂੰ ਇਲਾਜ ਲਈ ਬਰਨਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਕਾਰ ਨੂੰ ਅੱਗ ਲੱਗਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ
ਵੀਡੀਓ ਵਿਚ ਨੌਜਵਾਨ ਨੇ ਦੱਸਿਆ ਕਿ ਉਸ ਦੀ ਕਾਰ ਨੂੰ ਅੱਗ ਲੱਗਣ ਦੀ ਘਟਨਾ ਨੂੰ ਕਰੀਬ 17 ਦਿਨ ਹੋ ਚੁੱਕੇ ਹਨ। ਉਸ ਦਾ ਦਾਅਵਾ ਸੀ ਕਿ ਕਾਰ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ। ਬੀਮਾ ਕਲੇਮ ਦੀ ਪ੍ਰਕਿਰਿਆ ਲਈ ਪੁਲਸ ਤੋਂ ਡੀ.ਡੀ.ਆਰ. ਦੀ ਲੋੜ ਸੀ। ਨੌਜਵਾਨ ਦੇ ਅਨੁਸਾਰ ਇਸੇ ਸਬੰਧ ਵਿਚ ਉਹ ਕਈ ਦਿਨਾਂ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਸੀ।
ਨੌਜਵਾਨ ਨੇ ਦੋਸ਼ ਲਾਇਆ ਕਿ ਥਾਣੇ ਵਿਚ ਤਾਇਨਾਤ ਇਕ ਕਰਮਚਾਰੀ ਵੱਲੋਂ ਕਾਰ ਨੂੰ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਗਿਆ। ਉਸ ਦਾ ਕਹਿਣਾ ਸੀ ਕਿ ਇਸ ਗੱਲ ਨੂੰ ਲੈ ਕੇ ਉਹ ਲਗਾਤਾਰ ਪਰੇਸ਼ਾਨ ਹੋ ਰਿਹਾ ਸੀ। ਵੀਡੀਓ ਵਿਚ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਮਾਮਲੇ ਨੂੰ ਲੈ ਕੇ ਉਸ ਨੇ ਪਿੰਡ ਦੀ ਪੰਚਾਇਤ ਨੂੰ ਥਾਣੇ ਬੁਲਾਇਆ ਸੀ ਅਤੇ ਪੰਚਾਇਤ ਮੈਂਬਰਾਂ ਤੇ ਸਰਪੰਚ ਦੀ ਮੌਜੂਦਗੀ ਵਿਚ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ।
ਪੰਚਾਇਤ ਦੇ ਸਾਹਮਣੇ ਵੀ ਉਠਾਇਆ ਸੀ ਮਾਮਲਾ
ਨੌਜਵਾਨ ਦੇ ਅਨੁਸਾਰ ਪੰਚਾਇਤ ਮੈਂਬਰ ਮਾਮਲੇ ਨੂੰ ਲੈ ਕੇ ਥਾਣੇ ਪਹੁੰਚੇ ਸਨ ਅਤੇ ਸਬੰਧਤ ਦਸਤਾਵੇਜ਼ਾਂ ’ਤੇ ਦਸਤਖ਼ਤ ਵੀ ਕੀਤੇ ਗਏ ਸਨ। ਇਸ ਦੇ ਬਾਵਜੂਦ ਉਸ ਨੂੰ ਕਥਿਤ ਤੌਰ ’ਤੇ ਇਹ ਖਦਸ਼ਾ ਜਤਾਇਆ ਗਿਆ ਕਿ ਬੀਮਾ ਕੰਪਨੀ ਦੇ ਸਰਵੇ ਦੌਰਾਨ ਉਸ ਦੇ ਖ਼ਿਲਾਫ਼ ਕਾਰ ਨੂੰ ਜਾਣਬੁੱਝ ਕੇ ਅੱਗ ਲਗਾਉਣ ਦੀ ਗੱਲ ਕਹੀ ਜਾ ਸਕਦੀ ਹੈ। ਵੀਡੀਓ ਵਿਚ ਨੌਜਵਾਨ ਨੇ ਵੱਖ-ਵੱਖ ਸਮੇਂ ’ਤੇ ਪੈਸਿਆਂ ਦੀ ਮੰਗ ਕੀਤੇ ਜਾਣ ਦੇ ਵੀ ਦੋਸ਼ ਲਾਏ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਪੁਲਸ ਜਾਂਚ ਤੋਂ ਬਾਅਦ ਹੀ ਦੋਸ਼ਾਂ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।
ਜ਼ਮੀਨੀ ਵਿਵਾਦ ਨੂੰ ਲੈ ਕੇ ਵੀ ਲਾਏ ਦੋਸ਼
ਨੌਜਵਾਨ ਨੇ ਵੀਡੀਓ ਵਿਚ ਆਪਣੇ ਪਰਿਵਾਰ ਨਾਲ ਜੁੜੇ ਪੁਰਾਣੇ ਜ਼ਮੀਨੀ ਵਿਵਾਦ ਦਾ ਵੀ ਜ਼ਿਕਰ ਕੀਤਾ। ਉਸ ਦਾ ਦਾਅਵਾ ਸੀ ਕਿ ਪਰਿਵਾਰ ਦੇ ਬਜ਼ੁਰਗਾਂ ਨੇ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਜ਼ਮੀਨ ਦੇ ਇਕ ਹਿੱਸੇ ’ਤੇ ਕਬਜ਼ਾ ਹਾਸਲ ਕੀਤਾ ਸੀ। ਬਾਅਦ ਵਿਚ ਮਾਲ ਰਿਕਾਰਡ ਨਾਲ ਸਬੰਧਤ ਕਾਰਵਾਈ ਨੂੰ ਲੈ ਕੇ ਉਸ ਨੇ ਇੱਕ ਮਾਲ ਅਧਿਕਾਰੀ ’ਤੇ ਗੰਭੀਰ ਦੋਸ਼ ਲਗਾਏ। ਨੌਜਵਾਨ ਨੇ ਧੂਰੀ ਖੇਤਰ ਵਿਚ ਤਾਇਨਾਤ ਰਹੇ ਇਕ ਪਟਵਾਰੀ ’ਤੇ ਪੰਜ ਲੱਖ ਰੁਪਏ ਲੈਣ ਦਾ ਵੀ ਦੋਸ਼ ਲਗਾਇਆ। ਇਸ ਦੋਸ਼ ਦੀ ਵੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ ਅਤੇ ਇਹ ਜਾਂਚ ਦਾ ਵਿਸ਼ਾ ਹੈ। ਨੌਜਵਾਨ ਨੇ ਵੀਡੀਓ ਵਿਚ ਕਿਹਾ ਕਿ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਉਹ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ।
ਭਰਾ ਨੇ ਮੋਬਾਈਲ ਖੋਹਣ ਦਾ ਲਾਇਆ ਦੋਸ਼
ਘਟਨਾ ਤੋਂ ਬਾਅਦ ਨੌਜਵਾਨ ਦੇ ਭਰਾ ਨੇ ਵੀ ਇਕ ਵੀਡੀਓ ਜਾਰੀ ਕਰਕੇ ਪੁਲਸ ਦੀ ਕਾਰਵਾਈ ’ਤੇ ਸਵਾਲ ਚੁੱਕੇ। ਭਰਾ ਨੇ ਦੋਸ਼ ਲਾਇਆ ਕਿ ਘਟਨਾ ਤੋਂ ਬਾਅਦ ਥਾਣਾ ਮੁਖੀ ਥਾਣੇ ਤੋਂ ਬਾਹਰ ਚਲੇ ਗਏ ਅਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਗਿਆ। ਇਸ ਤੋਂ ਬਾਅਦ ਪੁਲਸ ਕਰਮਚਾਰੀਆਂ ਵੱਲੋਂ ਥਾਣੇ ਦਾ ਮੁੱਖ ਗੇਟ ਬੰਦ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਐੱਸ.ਐੱਸ.ਪੀ. ਬੋਲੇ—ਦੋਸ਼ਾਂ ਦੀ ਜਾਂਚ ਜਾਰੀ
ਬਰਨਾਲਾ ਦੇ ਐੱਸ.ਐੱਸ.ਪੀ. ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਉਹ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵੱਲੋਂ ਦੋ ਮੁੱਖ ਮੁੱਦੇ ਉਠਾਏ ਗਏ ਹਨ, ਜਿਨ੍ਹਾਂ ਵਿੱਚ ਪੁਲਿਸ ਕਰਮਚਾਰੀਆਂ ਅਤੇ ਇੱਕ ਪਟਵਾਰੀ ਨਾਲ ਸਬੰਧਤ ਦੋਸ਼ ਸ਼ਾਮਲ ਹਨ। ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਐੱਸ.ਐੱਸ.ਪੀ. ਨੇ ਦੱਸਿਆ ਕਿ ਧਨੌਲਾ ਥਾਣੇ ਵਿੱਚ ਇੱਕ ਸਬ-ਇੰਸਪੈਕਟਰ ਵਧੀਕ ਐੱਸ.ਐੱਚ.ਓ. ਦਾ ਕਾਰਜਭਾਰ ਸੰਭਾਲ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦੋਸ਼ਾਂ ਦੀ ਅਸਲ ਸਥਿਤੀ ਸਪੱਸ਼ਟ ਹੋਵੇਗੀ।
ਫਿਰੋਜ਼ਪੁਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਹਾਈ ਅਲਰਟ 'ਤੇ ਪੁਲਸ
NEXT STORY