ਜਲਾਲਾਬਾਦ (ਆਦਰਸ਼,ਜਤਿੰਦਰ) : ਜਲਾਲਾਬਾਦ ਦੇ ਨੇੜਲੇ ਪਿੰਡ ਕਾਹਨੇਵਾਲਾ 'ਚ ਇੱਕ ਕਿਸਾਨ ਨੇ ਆਪਣੇ ਗੁਆਂਢੀ ’ਤੇ ਕਥਿਤ ਤੌਰ ’ਤੇ ਸਪਰੇਅ ਦੇ ਘੋਲ 'ਚ ਨਦੀਣ ਨਾਸ਼ਕ ਦਵਾਈ ਮਿਲਾ ਕੇ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਦੇ ਕਥਿਤ ਦੋਸ਼ ਲਾਏ ਹਨ। ਪੀੜਤ ਕਿਸਾਨ ਅਨੁਸਾਰ ਉਸ ਦੀ ਕਰੀਬ 6 ਤੋਂ 7 ਏਕੜ ਫ਼ਸਲ ਖ਼ਰਾਬ ਹੋ ਗਈ, ਜਿਸ ਕਾਰਨ ਉਸ ਨੂੰ ਲਗਭਗ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਵੱਲੋਂ ਕਾਨੂੰਨੀ ਕਾਰਵਾਈ ਦੀ ਮੰਗ ਲਈ ਥਾਣਾ ਸਦਰ ਜਲਾਲਾਬਾਦ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਸ ਨੂੰ ਇਨਸਾਫ਼ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਲਾਲਾਬਾਦ ਦਸਮੇਸ਼ ਨਗਰੀ ਦੇ ਵਸਨੀਕ ਕਿਸਾਨ ਰਾਮ ਚੰਦ ਪੁੱਤਰ ਕੁੰਦਨ ਲਾਲ ਨੇ ਦੱਸਿਆ ਕਿ ਉਸ ਨੇ ਪਿੰਡ ਕਾਹਨੇਵਾਲਾ ਵਿਖੇ 9 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਬਾਸਮਤੀ ਝੋਨੇ ਦੀ ਬਿਜਾਈ ਕੀਤੀ ਸੀ। ਉਸ ਨੇ ਦੋਸ਼ ਲਾਇਆ ਕਿ ਬੀਤੀ 3 ਸਤੰਬਰ ਨੂੰ ਜਦੋਂ ਉਹ ਖੇਤ ’ਚ ਮਜ਼ਦੂਰਾਂ ਕੋਲੋਂ ਸਪਰੇਅ ਕਰਵਾ ਰਿਹਾ ਸੀ ਅਤੇ ਚਾਹ ਲੈਣ ਘਰ ਗਿਆ ਹੋਇਆ ਸੀ ਤਾਂ ਉਸ ਦੀ ਗ਼ੈਰ-ਮੌਜੂਦਗੀ 'ਚ ਗੁਆਂਢੀ ਕਿਸਾਨ ਕਸ਼ਮੀਰ ਸਿੰਘ ਪੁੱਤਰ ਬਹਾਲ ਸਿੰਘ ਨੇ ਕਥਿਤ ਤੌਰ ’ਤੇ ਸਪਰੇਅ ਦੇ ਘੋਲ ਵਿੱਚ ਨਦੀਣ ਨਾਸ਼ਕ ਦਵਾਈ ਮਿਲਾ ਦਿੱਤੀ। ਇਸ ਤੋਂ ਤਿੰਨ ਦਿਨ ਬਾਅਦ ਝੋਨੇ ਦੀ ਫ਼ਸਲ ਖ਼ਰਾਬ ਹੋਣ ਲੱਗ ਪਈ। ਪੀੜਤ ਰਾਮ ਚੰਦ ਨੇ ਦੱਸਿਆ ਕਿ ਫ਼ਸਲ ਨੂੰ ਨੁਕਸਾਨ ਹੋਣ ਤੋਂ ਬਾਅਦ ਉਸ ਨੇ ਖੇਤੀਬਾੜੀ ਵਿਭਾਗ ਨੂੰ ਜਾਂਚ ਕਰਨ ਦੀ ਬੇਨਤੀ ਕੀਤੀ ਸੀ। ਵਿਭਾਗ ਦੀ ਟੀਮ ਨੇ ਖੇਤ ਦਾ ਮੁਆਇਨਾ ਕਰਕੇ ਰਿਪੋਰਟ ਦਿੱਤੀ, ਜਿਸ ਵਿੱਚ ਨਦੀਣ ਨਾਸ਼ਕ ਦਵਾਈ ਦੇ ਛਿੜਕਾਅ ਕਾਰਨ ਫ਼ਸਲ ਨੂੰ ਨੁਕਸਾਨ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਕਿਸਾਨ ਨੇ ਦੋਸ਼ ਲਾਇਆ ਕਿ ਜ਼ਮੀਨ ਠੇਕੇ ’ਤੇ ਲੈਣ ਦੀ ਰੰਜਿਸ਼ ਕਾਰਨ ਉਸ ਦੀ ਫ਼ਸਲ ਨੂੰ ਜਾਣ-ਬੁੱਝ ਕੇ ਸਾਜ਼ਿਸ਼ ਦੇ ਤਹਿਤ ਨੁਕਸਾਨ ਪਹੁੰਚਾਇਆ ਗਿਆ। ਪੀੜਤ ਕਿਸਾਨ ਨੇ ਦੱਸਿਆ ਕਿ ਉਸ ਨੇ ਥਾਣਾ ਸਦਰ ਜਲਾਲਾਬਾਦ ਦੇ ਐੱਸ. ਐੱਚ. ਓ. ਅੰਗਰੇਜ਼ ਕੁਮਾਰ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਨਾਲ ਖੇਤੀਬਾੜੀ ਵਿਭਾਗ ਦੀ ਰਿਪੋਰਟ ਵੀ ਸੌਂਪ ਦਿੱਤੀ ਹੈ। ਪਰ ਥਾਣਾ ਸਦਰ ਜਲਾਲਾਬਾਦ ਦੇ ਐੱਸ. ਐੱਚ. ੳ. ਵੱਲੋਂ ਕਾਰਵਾਈ ਕਰਨ ਲਈ ਆਨਾਕਾਨੀ ਕੀਤੀ ਜਾ ਰਹੀ ਹੈ। ਪੀੜਤ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਾਨੂੰਨੀ ਕਾਰਵਾਈ ਨਾ ਕਰਨ ਵਾਲੇ ਥਾਣਾ ਸਦਰ ਜਲਾਲਾਬਾਦ ਦੇ ਐੱਸ.ਐੱਚ.ੳ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ਼ ਦਿਵਾਇਆ ਜਾਵੇ।
ਐੱਸ.ਐੱਚ.ਓ. ਨੇ ਕਾਰਵਾਈ ਕਰਨ ਤੋਂ ਇਨਕਾਰ ਕੀਤਾ : ਪੀੜਤ
ਇਸ ਮਾਮਲੇ ਸਬੰਧੀ ਜਦੋਂ ਥਾਣਾ ਸਦਰ ਜਲਾਲਾਬਾਦ ਦੇ ਐੱਸ.ਐੱਚ.ਓ. ਅੰਗਰੇਜ਼ ਕੁਮਾਰ ਨਾਲ ਪ੍ਰਤੀਨਿਧੀ ਵੱਲੋਂ ਗੱਲਬਾਤ ਕੀਤੀ ਗਈ ਤਾਂ ਪੀੜਤ ਕਿਸਾਨ ਦੀ ਸ਼ਿਕਾਇਤ ਅਤੇ ਖੇਤੀਬਾੜੀ ਵਿਭਾਗ ਵੱਲੋਂ ਨਦੀਣ ਨਾਸ਼ਕ ਸਪਰੇਅ ਸਬੰਧੀ ਦਿੱਤੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਕਿਸਾਨ ਨੇ ਮੰਗ ਕੀਤੀ ਕਿ ਉਸ ਦੀ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੋਸ਼ਾਂ ’ਚ ਘਿਰੇ ਵਿਅਕਤੀ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ। ਉੱਧਰ ਦੂਜੇ ਪਾਸੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਸ਼ਮੀਰ ਸਿੰਘ ਨਾਲ ਪ੍ਰਤੀਨਿਧੀ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਅਤੇ ਨਿਆਂ ਦੀ ਗੱਲ ਕਹਿ ਕੇ ਆਪਣਾ ਪੱਖ ਸਮਾਪਤ ਕਰ ਦਿੱਤਾ। ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਖੇਤ ਦਾ ਮੁਆਇਨਾ ਕਰਕੇ ਰਿਪੋਰਟ ’ਚ ਨਦੀਣ ਨਾਸ਼ਕ ਦਵਾਈ ਦੇ ਸਪਰੇਅ ਨਾਲ ਨੁਕਸਾਨ ਦਾ ਹੋਣਾ ਪਾਇਆ ਗਿਆ ਹੈ-ਬਲਾਕ ਖੇਤੀਬਾੜੀ ਅਫ਼ਸਰ ਉੱਧਰ, ਬਲਾਕ ਖੇਤੀਬਾੜੀ ਅਫ਼ਸਰ ਜਲਾਲਾਬਾਦ ਨੇ ਦੱਸਿਆ ਕਿ ਕਿਸਾਨ ਦੀ ਸ਼ਿਕਾਇਤ ’ਤੇ ਟੀਮ ਵੱਲੋਂ ਖੇਤ ਦਾ ਮੁਆਇਨਾ ਕਰਕੇ ਨੁਕਸਾਨ ਸਬੰਧੀ ਰਿਪੋਰਟ ਦਿੱਤੀ ਗਈ ਹੈ, ਜਿਸ ਵਿੱਚ ਨਦੀਣ ਨਾਸ਼ਕ ਦਵਾਈ ਦੇ ਛਿੜਕਾਅ ਕਾਰਨ ਫ਼ਸਲ ਨੂੰ ਨੁਕਸਾਨ ਹੋਣ ਦਾ ਜ਼ਿਕਰ ਪਾਇਆ ਗਿਆ ਹੈ।
ਗ੍ਰਿਫਤਾਰ ਕੀਤੇ ਹੈੱਡ ਕਾਂਸਟੇਬਲ ਦੇ ਭੇਤ ਖੁੱਲ੍ਹਣੇ ਸ਼ੁਰੂ, 500,000,00 ਦੀ ਹੋਰ ਹੈਰੋਇਨ ਬਰਾਮਦ
NEXT STORY