ਤਰਨਤਾਰਨ (ਰਮਨ ਚਾਵਲਾ)- ਜ਼ਿਲ੍ਹੇ ’ਚ ਹੋਈਆਂ ਵਿਧਾਨ ਸਭਾ ਚੋਣਾਂ ਉਪਰੰਤ ਵੱਖ-ਵੱਖ ਇਲਾਕਿਆਂ ਅੰਦਰ ਰੱਖੀਆਂ ਈ. ਵੀ. ਐੱਮ. ਮਸ਼ੀਨਾਂ ਲਈ ਬਣਾਏ ਗਏ ਸਟਰਾਂਗ ਰੂਮਾਂ ਦਾ ਵੀਰਵਾਰ ਅਚਾਨਕ ਡੀ.ਆਈ.ਜੀ ਫਿਰੋਜ਼ਪੁਰ ਵਲੋਂ ਦੌਰਾ ਕੀਤਾ ਗਿਆ। ਇਸ ਦੌਰਾਨ ਡੀ. ਆਈ. ਜੀ. ਨੇ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਨ ਦੇ ਹੁਕਮ ਜਾਰੀ ਕੀਤੇ।
ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਜਿਨ੍ਹਾਂ ’ਚ ਤਰਨਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਸ਼ਾਮਲ ਹਨ, ਵਿਖੇ ਬੀਤੀ 20 ਫਰਵਰੀ ਨੂੰ ਹੋਈ ਪੋਲਿੰਗ ਤੋਂ ਬਾਅਦ ਸਮੂਹ ਈ. ਵੀ. ਐੱਮ. ਮਸ਼ੀਨਾਂ ਨੂੰ ਰਿਟਰਨਿੰਗ ਅਫ਼ਸਰਾਂ ਦੀ ਨਿਗਰਾਨੀ ਹੇਠ ਸੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਸਾਰੀਆਂ ਈ.ਵੀ.ਐੱਮ. ਮਸ਼ੀਨਾਂ ਨੂੰ ਬਣਾਏ ਗਏ ਸਟਰਾਂਗ ਰੂਮਾਂ ਅੰਦਰ ਰੱਖ ਦਿੱਤਾ ਗਿਆ। ਇਥੇ 24 ਘੰਟੇ ਸੀ.ਸੀ.ਟੀ.ਵੀ ਕੈਮਰੇ, ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਪੈਰਾਮਿਲਟਰੀ ਫੋਰਸ ਅਤੇ ਪੰਜਾਬ ਪੁਲਸ ਦੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ।
ਵਿਧਾਨ ਸਭਾ ਹਲਕਾ ਤਰਨਤਾਰਨ ਅਤੇ ਖੇਮਕਰਨ ਦੀਆਂ ਈ.ਵੀ.ਐੱਮ. ਮਸ਼ੀਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਵਿਖੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਪੱਟੀ ਦੀਆਂ ਈ.ਵੀ.ਐੱਮ. ਮਸ਼ੀਨਾਂ ਨੂੰ ਮਾਈ ਭਾਗੋ ਨਰਸਿੰਗ ਕਾਲਜ ਪਿੰਡ ਉਸਮਾ ਵਿਖੇ ਰੱਖਿਆ ਗਿਆ ਹੈ, ਜਦਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀਆਂ ਈ.ਵੀ.ਐੱਮ ਮਸ਼ੀਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਕਾਲਜ ਖਡੂਰ ਸਾਹਿਬ ਵਿਖੇ ਸਟਰਾਂਗ ਰੂਮ ਅੰਦਰ ਰੱਖਿਆ ਜਾ ਚੁੱਕਾ ਹੈ। ਵੀਰਵਾਰ ਡੀ.ਆਈ.ਜੀ ਫਿਰੋਜ਼ਪੁਰ ਇੰਦਰਬੀਰ ਸਿੰਘ ਆਈ.ਪੀ.ਐੱਸ. ਅਚਾਨਕ ਸਟਰਾਂਗ ਰੂਮ ਦਾ ਦੌਰਾ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਖਡੂਰ ਸਾਹਿਬ ਵਿਖੇ ਪੁੱਜੇ।
ਇਸ ਮੌਕੇ ਡੀ. ਆਈ. ਜੀ. ਵਲੋਂ ਤਾਇਨਾਤ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪੂਰੀ ਸਖ਼ਤੀ ਨਾਲ ਆਪਣੀ ਡਿਊਟੀ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਵਲੋਂ ਮੌਕੇ ’ਤੇ ਮੌਜੂਦ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਅਤੇ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਨਾਲ ਸਟਰਾਂਗ ਰੂਮ ਦੇ ਆਲੇ-ਦੁਆਲੇ ਦੇ ਇਲਾਕੇ ਦਾ ਦੌਰਾ ਕੀਤਾ ਅਤੇ ਸੰਤੁਸ਼ਟੀ ਜਤਾਈ।
ਜ਼ਿਕਰਯੋਗ ਹੈ ਕਿ ਬਣਾਏ ਗਏ ਸਟਰਾਂਗ ਰੂਮਾਂ ਦੀ ਨਿਗਰਾਨੀ ਲਈ ਹਰ ਦੋ ਘੰਟੇ ਬਾਅਦ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਬਦਲੀ ਜਾ ਰਹੀ ਹੈ। ਉੱਥੇ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਸਮੇਤ ਰਿਟਰਨਿੰਗ ਅਫ਼ਸਰਾਂ ਵਲੋਂ ਦੇਰ ਰਾਤ ਵੀ ਦੌਰਾ ਕੀਤਾ ਜਾ ਰਿਹਾ ਹੈ। ਏਨਾ ਹੀ ਨਹੀਂ ਸਟਰਾਂਗ ਰੂਮਾਂ ਨਜ਼ਦੀਕ ਚਿਡ਼ੀ ਵੀ ਨਾ ਫਡ਼ਕਣ ਸਬੰਧੀ ਤਕਨੀਕੀ ਮਾਹਿਰਾਂ ਦੀ ਮਦਦ ਵੀ ਲਈ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਸਿੱਖ ਦਸਤਾਰ ਦੀ ਸੁਰੱਖਿਆ ਲਈ ਸੰਵਿਧਾਨ ’ਚ ਸੋਧ ਕਰਨ ਦੀ ਕੀਤੀ ਮੰਗ
NEXT STORY