ਮੋਹਾਲੀ (ਜਸਬੀਰ ਜੱਸੀ) : ਇੱਥੇ ਥਾਣਾ ਫੇਜ਼-11 ਦੀ ਪੁਲਸ ਨੇ ਇਕ ਨਿੱਜੀ ਕੰਪਨੀ ਦੀ ਮੁਲਾਜ਼ਮ ਡਿੰਪਲ ਦੇ ਕਤਲ ਮਾਮਲੇ 'ਚ ਸਬੰਧਿਤ ਅਦਾਲਤ 'ਚ ਕਰੀਬ 300 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ 'ਚ ਮੁਲਜ਼ਮ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਉਸੇ ਕੰਪਨੀ 'ਚ ਕੰਮ ਕਰਦਾ ਸੀ ਅਤੇ ਮ੍ਰਿਤਕਾ ਲਈ ਆਪਣੇ ਦਿਲ 'ਚ ਪ੍ਰੇਮ ਭਾਵਨਾ ਰੱਖਦਾ ਸੀ। ਇਸ ਸਬੰਧੀ ਐੱਸ. ਐੱਚ. ਓ. ਅਮਨ ਬੈਦਵਾਣ ਨੇ ਦੱਸਿਆ ਕਿ ਇਸ ਚਾਰਜ਼ਸੀਟ 'ਚ 35 ਦੇ ਕਰੀਬ ਗਵਾਹ ਹਨ ਅਤੇ ਨਿਰਧਾਰਤ ਸਮੇਂ 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ ਤਾਂ ਜੋ ਮੁਲਜ਼ਮ ਨੂੰ ਕਾਨੂੰਨ ਮੁਤਾਬਕ ਸਜ਼ਾ ਦੁਆਈ ਜਾ ਸਕੇ। ਮੁਲਜ਼ਮ ਇਸ ਸਮੇਂ ਰੋਪੜ ਜੇਲ੍ਹ 'ਚ ਬੰਦ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਆਨਲਾਈਨ ਦੋ ਚਾਕੂ ਮੰਗਵਾਏ ਸਨ। ਘਟਨਾ ਵਾਲੇ ਦਿਨ ਉਸ ਨੇ ਕਥਿਤ ਤੌਰ 'ਤੇ ਇਨ੍ਹਾਂ 'ਚੋਂ ਇਕ ਚਾਕੂ ਨਾਲ ਡਿੰਪਲ 'ਤੇ ਕਈ ਵਾਰ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।
ਇਸ ਤੋਂ ਬਾਅਦ ਮੁਲਜ਼ਮ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਡਿੰਪਲ ਦੀ ਗੰਭੀਰ ਜ਼ਖ਼ਮਾਂ ਕਾਰਨ ਮੌਤ ਹੋ ਗਈ, ਜਦੋਂ ਕਿ ਡਾਕਟਰ ਮੁਲਜ਼ਮ ਦੀ ਜਾਨ ਬਚਾਉਣ ਵਿਚ ਸਫ਼ਲ ਰਹੇ। ਜਾਂਚ ਦੌਰਾਨ ਪੁਲਸ ਨੇ ਉਹ ਦੋਵੇਂ ਚਾਕੂ ਬਰਾਮਦ ਕਰ ਲਏ, ਜੋ ਕਥਿਤ ਤੌਰ 'ਤੇ ਮੁਲਜ਼ਮ ਨੇ ਆਨਲਾਈਨ ਮੰਗਵਾਏ ਸਨ। ਇਕੱਠੇ ਕੀਤੇ ਗਏ ਸਬੂਤਾਂ 'ਚ ਚਾਕੂ, ਖੂਨ ਨਾਲ ਲਿੱਬੜੇ ਕੱਪੜੇ, ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸੀ. ਸੀ. ਟੀ. ਵੀ ਫੁਟੇਜ, ਮੁਲਜ਼ਮ ਅਤੇ ਮ੍ਰਿਤਕ ਵਿਚਕਾਰ ਹੋਈ ਗੱਲਬਾਤ ਦੇ ਸਕਰੀਨਸ਼ਾਟ ਅਤੇ ਬੈਂਕ ਖ਼ਾਤੇ ਦੇ ਵੇਰਵੇ ਸ਼ਾਮਲ ਹਨ। ਪੁਲਸ ਦੀ ਚਾਰਜਸ਼ੀਟ 'ਚ ਬਣਾਏ ਗਵਾਹਾਂ 'ਚ ਕਰੀਬ ਪੰਜ ਅੱਖੀਂ ਦੇਖਣ ਵਾਲੇ ਗਵਾਹ ਸ਼ਾਮਲ ਹਨ। ਜਾਂਚ ਮੁਕੰਮਲ ਕਰ ਲਈ ਗਈ ਹੈ ਅਤੇ ਨਿਰਧਾਰਤ 90 ਦਿਨਾਂ ਦੀ ਸਮਾਂ-ਸੀਮਾ ਦੇ ਅੰਦਰ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ। ਹੁਣ ਅਦਾਲਤੀ ਕਾਰਵਾਈ ਅੱਗੇ ਵਧੇਗੀ ਅਤੇ ਕੇਸ 'ਚ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਯੂਰਪੀ ਹੋਟਲ 'ਚ ਨਸਲੀ ਭੇਦਭਾਵ ! ਪੱਗ ਵਾਲੇ ਮੁੰਡਿਆਂ ਨੂੰ ਨਹੀਂ ਦਿੱਤੀ Entry
NEXT STORY