ਜਲੰਧਰ (ਵਰਿਆਣਾ)— ਇਕ ਪਾਸੇ ਜਿੱਥੇ ਕਾਂਗਰਸ ਸਰਕਾਰ ਹੋਰਾਂ ਨਹਿਰਾਂ ਦੇ ਨਾਲ-ਨਾਲ ਪਿੰਡਾਂ ਦੀਆਂ ਨਹਿਰਾਂ ਦੀ ਸਾਫ-ਸਫਾਈ ਰੱਖ ਕੇ ਇਸ 'ਚ ਛੱਡੇ ਜਾ ਰਹੇ ਪਾਣੀ ਨੂੰ ਸਾਫ-ਸੁਥਰਾ ਰੱਖਣ ਦੇ ਦਾਅਵੇ ਕਰ ਰਹੀ ਹੈ ਉਥੇ ਦੂਜੇ ਪਾਸੇ ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਫਿਰੋਜ਼ ਦੇ ਕਈ ਘਰਾਂ ਦਾ ਗੰਦਾ ਪਾਣੀ ਪਿਛਲੇ ਕਰੀਬ 20 ਸਾਲਾਂ ਤੋਂ ਨਹਿਰ 'ਚ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਨਹਿਰ 'ਚ ਆ ਰਿਹਾ ਪਾਣੀ ਜ਼ਹਿਰ ਬਣਦਾ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ ਨੇ ਪਿੰਡ ਫਿਰੋਜ਼ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਪਿੰਡ ਨੇੜੇ ਸਥਿਤ ਨਹਿਰ 'ਚ ਪਿੰਡ ਦੇ ਘਰਾਂ ਦਾ ਗੰਦਾ ਪਾਣੀ ਨਹਿਰ 'ਚ ਇਕ ਆੜ ਜ਼ਰੀਏ ਛੱਡਿਆ ਜਾ ਰਿਹਾ ਸੀ ਅਤੇ ਨਹਿਰ ਦਾ ਪਾਣੀ ਜੋ ਪਿਛਿਓਂ ਸਾਫ ਦਿਖਾਈ ਦੇ ਰਿਹਾ ਸੀ ਉਹ ਇਥੇ ਪਹੁੰਚ ਕੇ ਕਾਲੇ ਰੰਗ ਦਾ ਦਿਖਾਈ ਦੇ ਰਿਹਾ ਸੀ। ਇਸ ਸਬੰਧੀ ਜਦੋਂ ਪਿੰਡ ਦੇ ਕੁਝ ਲੋਕਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਪਿੰਡ 'ਚ ਸੀਵਰੇਜ ਲਈ ਉਚਿੱਤ ਗ੍ਰਾਂਟ ਮੁਹੱਈਆ ਕਰੇ ਤਾਂ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਚਾਇਤਾਂ ਵੀ ਗ੍ਰਾਂਟਾਂ ਦੀ ਘਾਟ ਕਰ ਕੇ ਇਸ ਦਾ ਹੱਲ ਕੱਢਣ 'ਚ ਖਾਸ ਰੋਲ ਨਹੀਂ ਅਦਾ ਕਰ ਸਕੀਆਂ।
ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਵੀ ਜਾਣਦੇ ਹਾਂ ਕਿ ਨਹਿਰ 'ਚ ਗੰਦਾ ਪਾਣੀ ਛੱਡਣਾ ਠੀਕ ਨਹੀਂ ਪਰ ਸਰਕਾਰ ਨੂੰ ਇਸ ਮਜਬੂਰੀ ਦਾ ਠੋਸ ਹੱਲ ਕੱਢਣਾ ਚਾਹੀਦਾ ਹੈ। ਉਧਰ ਨਹਿਰ 'ਚ ਗੰਦੇ ਪਾਣੀ ਨੂੰ ਦੇਖ ਇਲਾਕੇ ਦੇ ਕਈ ਲੋਕਾਂ ਦਾ ਕਹਿਣਾ ਸੀ ਕਿ ਕੈਪਟਨ ਸਾਹਿਬ ਨੇ ਨਹਿਰਾਂ ਦੀ ਸਾਫ-ਸਫਾਈ 'ਤੇ ਕਰੋੜਾਂ ਰੁਪਏ ਖਰਚ ਕੀਤੇ ਤਾਂ ਜੋ ਇਨ੍ਹਾਂ 'ਚ ਸਾਫ-ਸੁਥਰਾ ਪਾਣੀ ਛੱਡਿਆ ਜਾਵੇ ਜੋ ਫਸਲਾਂ ਲਈ ਲਾਹੇਵੰਦ ਹੋਵੇ ਪਰ ਜਿਸ ਤਰ੍ਹਾਂ ਨਹਿਰ 'ਚ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ ਇਸ ਨਾਲ ਫਸਲਾਂ ਨੂੰ ਤਾਂ ਨੁਕਸਾਨ ਹੋਵੇਗਾ ਹੀ ਨਾਲ ਹੀ ਨਹਿਰ ਦਾ ਪਾਣੀ ਪੀਣ ਵਾਲੇ ਪਸ਼ੂਆਂ ਜੀਵ-ਜੰਤੂਆਂ ਲਈ ਵੀ ਕਾਫੀ ਜਾਨਲੇਵਾ ਸਿੱਧ ਹੋ ਸਕਦਾ ਹੈ। ਇਸ ਲਈ ਇਸ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਗੰਭੀਰਤਾ ਨਾਲ ਧਿਆਨ ਦੇਵੇ ਅਤੇ ਸਵੱਛ ਭਾਰਤ ਮੁਹਿੰਮ ਨੂੰ ਵੀ ਅਮਲੀਜਾਮਾ ਪਹਿਨਾਵੇ।

ਮਾਮਲੇ ਦੀ ਜਾਣਕਾਰੀ ਵਿਭਾਗ ਤੋਂ ਲਵਾਂਗਾ : ਵਿਧਾਇਕ ਚੌਧਰੀ
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨਹਿਰ 'ਚ ਜੇਕਰ ਕੁਝ ਘਰਾਂ ਦਾ ਗੰਦਾ ਪਾਣੀ ਛੱਡਿਆ ਗਿਆ ਹੈ ਤਾਂ ਇਸ ਸਬੰਧੀ ਸਬੰਧਿਤ ਵਿਭਾਗ ਤੋਂ ਜਾਣਕਾਰੀ ਲਈ ਜਾਵੇਗੀ, ਜਿਸ ਤੋਂ ਬਾਅਦ ਹੀ ਇਸ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨਹਿਰਾਂ ਦਾ ਪਾਣੀ ਹਰ ਹਾਲ 'ਚ ਸਾਫ-ਸੁਥਰਾ ਰਹਿਣਾ ਚਾਹੀਦਾ ਹੈ ਇਸ ਲਈ ਸੂਬਾ ਸਰਕਾਰ ਗੰਭੀਰ ਹੈ।
ਨਹਿਰ 'ਚ ਸੁੱਟਿਆ ਜਾ ਰਿਹਾ ਗੰਦਾ ਪਾਣੀ ਬੰਦ ਕਰਵਾਇਆ ਜਾਵੇਗਾ : ਐਕਸੀਅਨ ਦਵਿੰਦਰ ਸਿੰਘ
ਨਹਿਰੀ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਨੂੰ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਨਹਿਰਾਂ 'ਚ ਘਰਾਂ ਦਾ ਗੰਦਾ ਪਾਣੀ ਸੁੱਟਣਾ ਕਿਸੇ ਹਾਲਤ 'ਚ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਜਲਦ ਹੀ ਮੌਕਾ ਦੇਖਣ ਜਾਂਚ ਟੀਮ ਰਵਾਨਾ ਹੋਵੇਗੀ ਜਿਸ ਉਪਰੰਤ ਉਕਤ ਪਾਣੀ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ।
ਮਾਮਲਾ ਧਿਆਨ ਵਿਚ ਆ ਗਿਆ, ਜਲਦ ਜਾਂਚ ਕਰਵਾਈ ਜਾਵੇਗੀ : ਡੀ. ਸੀ.
ਜਦੋਂ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੂੰ ਨਹਿਰ 'ਚ ਛੱਡੇ ਗੰਦੇ ਪਾਣੀ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਧਿਆਨ 'ਚ ਮਾਮਲਾ ਆ ਗਿਆ ਹੈ। ਇਸ ਸਬੰਧੀ ਜਾਂਚ ਕਰਵਾਈ ਜਾਵੇਗੀ।
ਸੁਰੀਨਾਮ ਦੇ ਉਪ ਰਾਸ਼ਟਰਪਤੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
NEXT STORY