ਕਪੂਰਥਲਾ, (ਮੱਲ੍ਹੀ)- ਐਲੀਮੈਂਟਰੀ ਟੀਚਰਜ਼ ਯੂਨੀਅਨ (ਈ. ਟੀ. ਯੂ.) ਪੰਜਾਬ ਦੀ ਕਪੂਰਥਲਾ ਇਕਾਈ ਦੇ ਆਗੂ ਅਧਿਆਪਕਾਂ ਦੀ ਅੱਜ ਹੋਈ ਜ਼ਿਲਾ ਪੱਧਰੀ ਮੀਟਿੰਗ ਦੌਰਾਨ ਢਾਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੋਂ ਦੁਖੀ ਅਧਿਆਪਕਾਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਤੇ ਅਲੋਚਨਾ ਕੀਤੀ।
ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਮੇਜ ਸਿੰਘ ਨੇ ਕਿਹਾ ਕਿ ਦਸੰਬਰ ਤੇ ਜਨਵਰੀ ਮਹੀਨਿਆਂ ਦੀ ਅਧਿਆਪਕਾਂ ਨੂੰ ਤਨਖਾਹ ਲਈ ਕੈਪਟਨ ਸਰਕਾਰ ਸਮੇਂ ਸਿਰ ਤਨਖਾਹ ਬਜਟ ਜਾਰੀ ਨਹੀਂ ਕਰ ਸਕੀ। ਜਿਸ ਕਰ ਕੇ ਈ. ਟੀ. ਟੀ. ਅਧਿਆਪਕ ਆਰਥਿਕ ਪਰੇਸ਼ਾਨੀਆਂ 'ਚੋਂ ਗੁਜਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨਾ, ਹਰੇਕ ਮੌਕੇ ਦੀ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ ਪਰ ਦਸੰਬਰ 2017 ਤੇ ਜਨਵਰੀ 2018 ਦੌਰਾਨ ਈ. ਟੀ. ਟੀ. ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹਾਂ ਜਾਰੀ ਨਾ ਕਰ ਕੇ ਕੈਪਟਨ ਸਰਕਾਰ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜੀ ਹੈ, ਜਦਕਿ ਚੋਣਾਂ ਮੌਕੇ ਹਰਕੇ ਵਰਗ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਕੈਪਟਨ ਅਮਰਿੰਦਰ ਸਿੰਘ ਥੱਕ ਨਹੀਂ ਸਨ ਰਹੇ।
ਉਨ੍ਹਾਂ ਕਿਹਾ ਕਿ ਢਾਈ ਮਹੀਨਿਆਂ ਤੋਂ ਤਨਖਾਹਾਂ ਦਾ ਬਜਟ ਜਾਰੀ ਨਾ ਕਰ ਸਕਣ ਵਾਲੀ ਕੈਪਟਨ ਸਰਕਾਰ ਵਲੋਂ ਪਿਛਲੇ 9-10 ਮਹੀਨਿਆਂ ਤੋਂ ਸਰਕਾਰੀ ਖਜ਼ਾਨਿਆਂ 'ਚ ਮੁਲਾਜ਼ਮਾਂ ਦੀਆਂ ਮੈਡੀਕਲ ਬਿੱਲਾਂ, ਐਡਵਾਂਸ ਜੀ. ਪੀ. ਫੰਡਜ਼, ਸੇਵਾ ਮੁਕਤੀ ਬਕਾਏ ਤੇ ਹੋਰ ਕਈ ਪ੍ਰਕਾਰ ਦੇ ਟੀ. ਏ./ਡੀ. ਏ. ਤੇ ਏਰੀਅਰ ਬਿੱਲਾਂ ਆਦਿ ਦੀ ਅਦਾਇਗੀ ਉੱਪਰ ਮੁਕੰਮਲ ਰੋਕ ਲਾਈ ਹੋਈ ਹੈ। ਜਿਸ ਕਰਕੇ ਮੁਲਾਜ਼ਮਾਂ ਦਾ ਹਰ ਪ੍ਰਕਾਰ ਦਾ ਪੈਸੇ ਧੇਲੇ ਨਾਲ ਸੰਬੰਧਿਤ ਲੈਣ ਦੇਣ ਸਰਕਲ ਰੁਕਿਆ ਪਿਆ ਹੈ। ਇਸ ਲਈ ਸਰਕਾਰੀ ਖਜ਼ਾਨੇ 'ਚੋਂ ਅਦਾਇਗੀਆਂ ਉੱਪਰ ਲੱਗੀ ਪਾਬੰਦੀ ਤੁਰੰਤ ਹੱਟ ਜਾਣੀ ਚਾਹੀਦੀ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਆਗੂ ਰਵੀ ਵਾਹੀ, ਅਪਿੰਦਰ ਸਿੰਘ ਥਿੰਦ, ਸੁਰਿੰਦਰਜੀਤ ਸਿੰਘ, ਰਾਜਿੰਦਰ ਸਿੰਘ ਭੌਰ, ਹਰਜਿੰਦਰ ਸਿੰਘ ਤਾਸ਼ਪੁਰ, ਮਨਪ੍ਰੀਤ ਟਿੱਬਾ, ਗੁਰਦੇਵ ਸਿੰਘ, ਕੁਲਬੀਰ ਸਿੰਘ, ਬਿਕਰਮਜੀਤ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ, ਰੋਹਿਤ ਗੁਜਰਾਲ, ਜਤਿੰਦਰ ਚਾਵਲਾ, ਭਾਰਤ ਭੂਸ਼ਣ ਤੇ ਅਜੈ ਕੁਮਾਰ ਗੁਪਤਾ ਆਦਿ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਜਾਰੀ ਕਰਨ ਦੇ ਨਾਲ-ਨਾਲ, ਸਾਲ 2017-18 ਦੀ ਰਹਿੰਦੀ ਡੀ. ਏ. ਦੀ ਕਿਸ਼ਤ ਜਾਰੀ ਕਰੇ, ਸਰਕਾਰੀ ਖਜ਼ਾਨੇ ਉੱਪਰ ਲੱਗੀ ਰੋਕ ਹਟਾਵੇ।
ਸ਼ੌਕ ਪੂਰਾ ਕਰਨ ਲਈ 10ਵੀਂ ਦੇ ਵਿਦਿਆਰਥੀ ਨੇ ਖਰੀਦਿਆ ਦੇਸੀ ਕੱਟਾ
NEXT STORY