ਚੰਡੀਗੜ੍ਹ,(ਹਾਂਡਾ)– ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀ. ਬੀ. ਆਈ. ਨੂੰ ਫਟਕਾਰ ਲਾਉਂਦੇ ਹੋਏ ਆਦੇਸ਼ ਦਿੱਤੇ ਹਨ ਕਿ ਬੇਅਦਬੀ ਨਾਲ ਜੁੜੇ ਸਾਰੇ ਮਾਮਲਿਆਂ ਦੇ ਦਸਤਾਵੇਜ ਇਕ ਮਹੀਨੇ ਅੰਦਰ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤੇ ਜਾਣ।
ਪੰਜਾਬ ਸਰਕਾਰ ਨੇ ਕੋਰਟ ਨੂੰ ਦੱਸਿਆ ਕਿ ਸੀ. ਬੀ. ਆਈ. ਨੂੰ ਬੇਅਦਬੀ ਮਾਮਲਿਆਂ ਨਾਲ ਸਬੰਧਤ ਦਸਤਾਵੇਜ ਦੇਣ ਲਈ ਕਿਹਾ ਜਾ ਚੁੱਕਿਆ ਹੈ ਪਰ ਸਰਕਾਰ ਹੀ ਨਹੀਂ ਸਗੋਂ ਹਾਈਕੋਰਟ ਦੇ ਹੁਕਮਾਂ ਨੂੰ ਵੀ ਦਰਕਿਨਾਰ ਕਰ ਕੇ ਅਜਿਹਾ ਨਹੀਂ ਕੀਤਾ ਗਿਆ। ਇਸ ਦੇ ਚਲਦੇ 2 ਸਾਲਾਂ ਤੋਂ ਮਾਮਲੇ ਲਟਕੇ ਹੋਏ ਹਨ। 2015 ਵਿਚ ਬੇਅਦਬੀ ਮਾਮਲੇ ਵਿਚ ਮੁਲਜ਼ਮ ਸੁਖਜਿੰਦਰ ਸਿੰਘ ਉਰਫ ਬਿੱਟੂ ਦੀ ਪਟੀਸ਼ਨ ’ਤੇ ਹਾਈਕੋਰਟ ਨੇ ਉਕਤ ਆਦੇਸ਼ ਜਾਰੀ ਕੀਤੇ ਹਨ। ਸੁਖਜਿੰਦਰ ਨੇ ਇਸ ਪੱਖ ਨੂੰ ਆਧਾਰ ਬਣਾਉਂਦੇ ਹੋਏ ਪੰਜਾਬ ਪੁਲਸ ਦੀ ਐੱਸ. ਆਈ. ਟੀ. ਦੀ ਜਾਂਚ ਨੂੰ ਚੁਣੌਤੀ ਦਿੱਤੀ ਸੀ ਕਿ ਇਹ ਸੀ. ਬੀ. ਆਈ. ਦੇ ਅਧਿਕਾਰ ਵਿਚ ਹੈ।
ਹਾਈਕੋਰਟ ਨੇ ਦਲੀਲ ਨੂੰ ਖਾਰਿਜ ਕਰ ਕੇ ਸੀ. ਬੀ. ਆਈ. ਨੂੰ ਹੁਕਮ ਜਾਰੀ ਕੀਤੇ ਹਨ। ਪੰਜਾਬ ਪੁਲਸ ਨੂੰ ਵੀ ਆਦੇਸ਼ ਦਿੱਤੇ ਕਿ ਸੀ. ਬੀ. ਆਈ. ਵਲੋਂ ਸੌਂਪੀ ਸਮੱਗਰੀ ਨੂੰ ਜਾਂਚਿਆ ਜਾਵੇ ਅਤੇ ਸੁਣਵਾਈ ਕਰ ਰਹੀ ਅਦਾਲਤ ਦੇ ਵਿਚਾਰਨ ਲਈ ਪੂਰਕ ਚਲਾਨ ਵੀ ਪੇਸ਼ ਕੀਤਾ ਜਾਵੇ। ਇਹ ਵੀ ਕਿਹਾ ਕਿ ਹੇਠਲੀ ਅਦਾਲਤ ਜ਼ਰੂਰਤ ਸਮਝੇ, ਤਾਂ ਅਪਰਾਧੀ ਨੂੰ ਨੋਟਿਸ ਭੇਜ ਸਕਦੀ ਹੈ।
ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY