ਸੰਗਰੂਰ, (ਸਿੰਗਲਾ)— ਚੰਡੀਗੜ੍ਹ ਵਿਖੇ ਐੱਸ. ਐੱਸ. ਬੋਰਡ ਦੀ ਪ੍ਰੀਖਿਆ ਦੌਰਾਨ ਚੰਡੀਗੜ੍ਹ ਦੇ ਇਕ ਸਕੂਲ ਵੱਲੋਂ ਸਿੱਖ ਬੱਚਿਆਂ ਦੇ ਕੜੇ ਉਤਾਰ ਕੇ ਪ੍ਰੀਖਿਆ 'ਚ ਬੈਠਣ ਲਈ ਮਜਬੂਰ ਕਰਨ ਦੀ ਘਟਨਾ ਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਮੰਦਭਾਗਾ ਅਤੇ ਸਮੂਹ ਸਿੱਖ ਸੰਗਤ ਲਈ ਅਤਿ ਦੁਖਦਾਈ ਕਰਾਰ ਦਿੰਦਿਆਂ ਇਸ ਸਬੰਧੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਸਥਿਤ ਸੇਂਟ ਜੋਸਫ ਨਾਂ ਦੇ ਸਕੂਲ 'ਚ ਪ੍ਰੀਖਿਆ ਦੌਰਾਨ ਬੱਚਿਆਂ ਦੇ ਕੜੇ ਉਤਾਰੇ ਗਏ ਹਨ ਜੋ ਸਿੱਖ ਰਵਾਇਤਾਂ ਦੀ ਘੋਰ ਉਲੰਘਣਾ ਹੈ।
ਭਾਈ ਲੌਂਗੋਵਾਲ ਨੇ ਕਿਹਾ ਕਿ ਕੱਕਾਰ ਹਰ ਸਿੱਖ ਦੇ ਜੀਵਨ ਦਾ ਅਹਿਮ ਅੰਗ ਹਨ, ਜਿਸ ਦਾ ਇਕ ਹਿੱਸਾ ਕੜਾ ਵੀ ਹੈ। ਉਨ੍ਹਾਂ ਪੰਜਾਬ ਸਰਕਾਰ, ਐੱਸ. ਐੱਸ. ਬੋਰਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਭਾਈ ਲੌਂਗੋਵਾਲ ਨੇ ਕਿਹਾ ਕਿ ਸਮੂਹ ਸਿੱਖ ਪੰਥ ਇਹੋ ਜਿਹੀਆਂ ਕਾਰਵਾਈਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਆਏ ਦਿਨ ਸਿੱਖ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ ਜੋ ਕਿ ਗਹਿਰੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲ਼ਾਫ ਸਖਤ ਕਾਨੂੰਨੀ ਕਾਰਵਾਈ ਕਰ ਕੇ ਪੀੜਤ ਨੌਜਵਾਨਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਸਮੇਂ ਮਾ. ਹਰਬੰਸ ਸਿੰਘ ਸ਼ੇਰਪੁਰ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਦਰਸ਼ਨ ਸਿੰਘ ਮੰਡੇਰ ਪੀ. ਏ. ਟੂ ਭਾਈ ਲੌਂਗੋਵਾਲ ਆਦਿ ਆਗੂ ਹਾਜ਼ਰ ਸਨ।
ਪੰਜਾਬ ਸਰਕਾਰ ਵਲੋਂ 4 IAS ਤੇ 8 PCS ਅਧਿਕਾਰੀਆਂ ਦੇ ਤਬਾਦਲੇ
NEXT STORY