ਤਰਨਤਾਰਨ (ਰਾਜੂ, ਜੁਗਿੰਦਰ ਸਿੱਧੂ, ਵਾਲੀਆ)-ਜ਼ਿਲਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਅੱਜ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਤਹਿਤ ਵੱਖ-ਵੱਖ ਖੇਤਰਾਂ 'ਚ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਜ਼ਿਲੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਸੀਨੀਅਰ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚੋਂ ਸੋਨ ਤਮਗਾ ਜਿੱਤਣ ਵਾਲੀ ਨਵਜੋਤ ਕੌਰ, ਵਰਲਡ ਪੁਲਸ ਫਾਇਰ ਗੇਮਜ਼ ਦੇ ਤੀਰਅੰਦਾਜ਼ੀ ਮੁਕਾਬਲਿਆਂ 'ਚ ਸੋਨ ਤਮਗਾ ਹਾਸਲ ਕਰਨ ਵਾਲੀ ਮਿਸ ਸੁਮਨਦੀਪ ਕੌਰ, ਡਿਪਟੀ ਡਾਇਰੈਕਟਰ-ਕਮ ਡੈਂਟਲ ਹੈਲਥ ਅਫਸਰ ਅੰਮ੍ਰਿਤਸਰ ਡਾ. ਸ਼ਰਨਜੀਤ ਕੌਰ, ਸਟੇਟ ਪ੍ਰੋਗਰਾਮ ਅਫ਼ਸਰ ਫਾਰ ਵੈੱਲਨੈੱਸ ਕਲੀਨਿਕ ਪੰਜਾਬ ਡਾ. ਬਲਜੀਤ ਕੌਰ, ਬੀ. ਐੱਸ. ਸੀ. ਨਰਸਿੰਗ ਪਹਿਲਾ ਸਾਲ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਮਿਸ ਜਗਜੀਤ ਕੌਰ, ਬੀ. ਐੱਸ. ਸੀ. ਨਰਸਿੰਗ ਦੂਜਾ ਸਾਲ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਮਿਸ ਅੰਮ੍ਰਿਤਪਾਲ ਕੌਰ ਨੂੰ ਵਿਸ਼ੇਸ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਤੋਂ ਪਹਿਲਾਂ ਸਥਾਨਕ ਇਨਡੋਰ ਸਟੇਡੀਅਮ ਨੇੜੇ ਪੁਲਸ ਲਾਈਨ ਵਿਖੇ ਕਰਵਾਏ ਗਏ ਜ਼ਿਲਾ ਪੱਧਰੀ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੋ. ਰਾਕੇਸ਼ ਕੁਮਾਰ, ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ, ਐੱਸ. ਡੀ. ਐੱਮ. ਤਰਨਤਾਰਨ ਡਾ. ਅਮਨਦੀਪ ਕੌਰ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨਿਰਮਲ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਪ੍ਰਤਾਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਸਮੇਂ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਸਮਾਜ 'ਚ ਲੜਕੀਆਂ ਪ੍ਰਤੀ ਸੋਚ 'ਚ ਉਸਾਰੂ ਤਬਦੀਲੀ ਲਿਆਉਣ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਬੇਟੀ ਬਚਾਓ, ਬੇਟੀ ਪੜ੍ਹਾਓ' ਨੂੰ ਜ਼ਿਲੇ 'ਚ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਖੇਤਰਾਂ 'ਚ ਵਿਸ਼ੇਸ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਔਰਤਾਂ ਦਾ ਸਨਮਾਨ ਕਰਨ ਲਈ ਕਰਵਾਏ ਗਏ ਇਸ ਸਮਾਗਮ ਦਾ ਮੁੱਖ ਉਦੇਸ਼ ਔਰਤਾਂ ਦੇ ਸਸ਼ਕਤੀਕਰਨ ਨੂੰ ਹੋਰ ਹੁਲਾਰਾ ਦੇਣਾ ਤੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਅੱਜ ਸਨਮਾਨਤ ਹੋਣ ਵਾਲੀਆਂ ਔਰਤਾਂ ਅੱਗੇ ਜਾ ਕੇ ਸਾਡੇ ਸਮਾਜ ਖਾਸਕਰ ਲੜਕੀਆਂ ਲਈ ਪ੍ਰੇਰਣਾ ਸਰੋਤ ਬਣਨਗੀਆਂ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ 'ਚ ਲੜਕੀਆਂ ਕਿਸੇ ਵੀ ਖੇਤਰ 'ਚ ਕਿਸੇ ਨਾਲੋਂ ਘੱਟ ਨਹੀਂ ਹਨ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਹਾਸਲ ਕਰਵਾਉਣ। ਜੇਕਰ ਇਕ ਲੜਕੀ ਸਿੱਖਿਅਤ ਹੁੰਦੀ ਹੈ ਤਾਂ ਪੂਰਾ ਸਮਾਜ ਸਿੱਖਿਅਤ ਹੁੰਦਾ ਹੈ।
ਅੱਜ ਦੇ ਇਸ ਸਮਾਗਮ ਦੌਰਾਨ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੋ. ਰਾਕੇਸ਼ ਕੁਮਾਰ, ਸਿਵਲ ਸਰਜਨ ਤਰਨਤਾਰਨ ਡਾ. ਸ਼ਮਸ਼ੇਰ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨਿਰਮਲ ਸਿੰਘ ਅਤੇ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੁਕੇਸ਼ ਚੰਦਰ ਜੋਸ਼ੀ ਨੂੰ ਪ੍ਰੋਗਰਾਮ 'ਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਵੀ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।
ਵਿਦਿਆਰਥੀਆਂ ਸੰਬੰਧੀ ਕੈਪਟਨ ਦਾ ਐਲਾਨ ਕਿਤੇ ਮੌੜ ਨਾ ਲਿਆਵੇ 25 ਸਾਲ ਪੁਰਾਣਾ ਲੜਾਈਆਂ ਵਾਲਾ ਦੌਰ
NEXT STORY