ਕਪੂਰਥਲਾ (ਭੂਸ਼ਣ)-ਇਕ ਨਵ-ਵਿਆਹੁਤਾ ਔਰਤ ਨੇ ਸਹੁਰਾ ਪਰਿਵਾਰ ਤੋਂ ਦੁਖ਼ੀ ਹੋ ਕੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਹੱਲਾ ਲਾਹੌਰੀ ਗੇਟ, ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਪੰਜਾਬ ਹੋਮਗਾਰਡ ਜ਼ਿਲ੍ਹਾ ਕਪੂਰਥਲਾ ਵਿਖੇ ਨੌਕਰੀ ਕਰ ਰਿਹਾ ਹੈ। ਉਸ ਦੀਆਂ 3 ਭੈਣਾਂ ਹਨ, ਜਿਨ੍ਹਾਂ ’ਚੋਂ 2 ਭੈਣਾਂ ਦਾ ਵਿਆਹ ਹੋ ਚੁੱਕਾ ਹੈ ਅਤੇ ਛੋਟੀ ਭੈਣ ਕੁਆਰੀ ਹੈ ਅਤੇ ਘਰੇਲੂ ਕੰਮਕਾਰ ਕਰਦੀ ਹੈ। ਉਸ ਦੀ ਭੈਣ ਰਜਨੀ ਬਾਲਾ ਦਾ ਵਿਆਹ 2 ਫਰਵਰੀ 2021 ਨੂੰ ਮਲਕੀਅਤ ਸੰਧੂ ਪੁੱਤਰ ਪ੍ਰੇਮ ਸਿੰਘ ਵਾਸੀ ਮੁਹੱਲਾ ਪ੍ਰੀਤ ਨਗਰ ਕਪੂਰਥਲਾ ਨਾਲ ਹੋਇਆ ਸੀ। ਉਸ ਨੇ ਆਪਣੀ ਭੈਣ ਦੇ ਵਿਆਹ ’ਚ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ ਅਤੇ ਸੋਨੇ ਦੇ ਗਹਿਣੇ ਦਿੱਤੇ ਸਨ। ਉਸ ਦਾ ਵਿਆਹ ਸ਼ਹਿਰ ਦੇ ਇਕ ਹੋਟਲ ’ਚ ਕੀਤਾ ਸੀ।
ਇਹ ਵੀ ਪੜ੍ਹੋ: ਆਸਮਾਨ ਤੋਂ ਆਈ ਦਹਿਸ਼ਤ, ਘਰ ਦੇ ਵਿਹੜੇ ’ਚ ਬੈਠੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ 'ਚ ਲੱਗੀ ਗੋਲ਼ੀ
ਵਿਆਹ ਤੋਂ 3-4 ਦਿਨ ਬਾਅਦ ਹੀ ਉਸ ਦੀ ਭੈਣ ਦਾ ਪਤੀ ਮਲਕੀਅਤ ਸੰਧੂ, ਸੱਸ ਕੁਲਵਿੰਦਰ ਕੌਰ ਪਤਨੀ ਪ੍ਰੇਮ ਸਿੰਘ, ਦਿਓਰ ਕਰਮ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਪ੍ਰੀਤ ਨਗਰ ਕਪੂਰਥਲਾ, ਮਾਮੀ ਸੱਸ ਭਜਨ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮੁਹੱਲਾ ਲਕਸ਼ਮੀ ਨਗਰ ਕਪੂਰਥਲਾ ਅਤੇ ਮਾਸੜ ਕੁਲਦੀਪ ਸਿੰਘ ਵਾਸੀ ਪਿੰਡ ਕੜ੍ਹਾਲਾਂ ਨੇ ਦਾਜ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਵੀ ਕਰਨ ਲੱਗ ਪਏ।
ਵਿਆਹ ਤੋਂ ਮਹੀਨੇ ਬਾਅਦ ਉਸ ਦੀ ਭੈਣ ਨੇ ਪੇਕੇ ਘਰ ਆ ਕੇ ਆਪਣੇ ’ਤੇ ਹੋ ਰਹੇ ਅੱਤਿਆਚਾਰ ਬਾਰੇ ਦੱਸਿਆ, ਜਿਸ ਤੋਂ ਬਾਅਦ ਉਹ ਆਪਣੀ ਭੈਣ ਨੂੰ 20 ਦਿਨ ਬਾਅਦ ਉਸ ਦੇ ਸਹੁਰੇ ਘਰ ਛੱਡ ਆਇਆ ਪਰ ਉਸ ਦੇ ਬਾਵਜੂਦ ਵੀ ਸਹੁਰਾ ਪਰਿਵਾਰ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਉਸ ’ਤੇ ਲਗਾਤਾਰ ਹੋਰ ਦਾਜ ਲਿਆਉਣ ਦਾ ਦਬਾਅ ਪਾਇਆ। ਉਸ ਨੇ ਮੋਹਤਬਰ ਵਿਅਕਤੀਆਂ ਨੂੰ ਲੈ ਕੇ ਆਪਣੀ ਭੈਣ ਦੇ ਸਹੁਰਾ ਪਰਿਵਾਰ ਨੂੰ ਕਾਫ਼ੀ ਸਮਝਾਇਆ ਅਤੇ ਉਸ ਨੂੰ ਤੰਗ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਪਰ ਇਸ ਦੇ ਬਾਵਜੂਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਅਤੇ ਉਸ ਦੀ ਭੈਣ ਦੇ ਵਿਦੇਸ਼ ਰਹਿੰਦੇ ਪਤੀ ਨੇ ਉਸ ਨੂੰ ਫੋਨ ’ਤੇ ਹੋਰ ਦਾਜ ਲਿਆਉਣ ਲਈ ਦਬਾਅ ਬਣਾਉਂਦੇ ਹੋਏ ਕਾਫ਼ੀ ਬੁਰਾ ਵਤੀਰਾ ਕੀਤਾ ਅਤੇ ਉਸ ਦੀ ਭੈਣ ਨੂੰ ਘਰੋਂ ਕੱਢ ਦਿੱਤਾ, ਜਿਸ ਕਾਰਨ ਉਸ ਦੀ ਭੈਣ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਪਈ ਅਤੇ ਕਾਫ਼ੀ ਡਿਪ੍ਰੈਸ਼ਨ ’ਚ ਆ ਗਈ।
ਇਹ ਵੀ ਪੜ੍ਹੋ: ਜਲੰਧਰ: ਗੁਆਂਢੀ ਤੋਂ ਤੰਗ 28 ਸਾਲਾ ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ
ਇਸ ਦੌਰਾਨ ਉਸ ਨੇ ਆਪਣੇ ਕਮਰੇ ’ਚ ਜਾ ਕੇ ਕੋਈ ਜ਼ਹਿਰਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ, ਉਸ ਦੀ ਭੈਣ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ, ਜਿਸ ਦੀ ਰਸਤੇ ’ਚ ਹੀ ਮੌਤ ਹੋ ਗਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸਾਰੇ 6 ਮੁਲਜ਼ਮਾਂ ਮਲਕੀਅਤ ਸੰਧੂ, ਕੁਲਵਿੰਦਰ ਕੌਰ, ਕਰਮ ਸਿੰਘ, ਸੁਖਵਿੰਦਰ ਸਿੰਘ, ਭਜਨ ਸਿੰਘ ਅਤੇ ਕੁਲਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਛਾਪੇਮਾਰੀ ਦੌਰਾਨ ਕੁਲਵਿੰਦਰ ਕੌਰ, ਸੁਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਠਾਨਕੋਟ ’ਚ ਨਸ਼ੇੜੀ ਪੁੱਤ ਵੱਲੋਂ ਤੇਜ਼ਧਾਰ ਹਥਿਆਰ ਨਾਲ ਮਾਂ ਦਾ ਕਤਲ, ਭੱਜਣ ਲੱਗਿਆਂ ਮਾਰੀ ਛੱਤ ਤੋਂ ਛਾਲ (ਤਸਵੀਰਾਂ)
NEXT STORY