ਸੰਗਤ ਮੰਡੀ(ਮਨਜੀਤ)-ਸਥਾਨਕ ਮੰਡੀ 'ਚ ਇਕ ਗਰਭਵਤੀ ਵਿਆਹੁਤਾ ਨੇ ਸਹੁਰਿਆਂ ਵੱਲੋਂ ਦਾਜ ਲਈ ਤੰਗ-ਪ੍ਰੇਸ਼ਾਨ ਕਰਨ 'ਤੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਤੀ ਉਰਫ ਗੋਸਾ (22) ਪਤਨੀ ਰਾਹੁਲ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਹੁਰਾ ਪਰਿਵਾਰ ਉਕਤ ਵਿਆਹੁਤਾ ਨੂੰ ਦਾਜ ਲਈ ਅਕਸਰ ਹੀ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹੁਰਾ ਪਰਿਵਾਰ ਨੂੰ ਮੋਟਰਸਾਈਕਲ ਵੀ ਬਾਅਦ 'ਚ ਲੈ ਕੇ ਦਿੱਤਾ ਗਿਆ ਸੀ ਪਰ ਉਨ੍ਹਾਂ ਦੀ ਲਾਲਸਾ ਘਟਣ ਦੀ ਬਜਾਏ ਵਧਦੀ ਹੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸੇ ਪ੍ਰੇਸ਼ਾਨੀ ਦੇ ਕਾਰਨ ਅੱਜ ਉਕਤ ਵਿਆਹੁਤਾ ਨੇ ਉਸ ਸਮੇਂ ਆਪਣੇ ਘਰ ਦੇ ਕਮਰੇ 'ਚ ਲੱਗੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਜਦ ਦੂਸਰੇ ਪਰਿਵਾਰਕ ਮੈਂਬਰ ਘਰੋਂ ਬਾਹਰ ਗਏ ਹੋਏ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਸੰਗਤ ਸਹਾਰਾ ਸੇਵਾ ਸੰਸਥਾ ਦੇ ਵਲੰਟੀਅਰ ਰਿੰਕਾ ਸਿੰਘ ਮੌਕੇ 'ਤੇ ਐਂਬੂਲੈਂਸ ਲੈ ਕੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਵੱਲੋਂ ਮ੍ਰਿਤਕਾ ਦੇ ਪਿਤਾ ਦਰਸ਼ਨ ਰਾਮ ਪੁੱਤਰ ਮੁਖਤਿਆਰ ਰਾਮ ਵਾਸੀ ਬਣਾਂਵਾਲੀ (ਮਾਨਸਾ) ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਰਾਹੁਲ, ਸੱਸ ਭਾਰਤੀ ਦੇਵੀ ਅਤੇ ਸਹੁਰਾ ਪੱਪੂ ਰਾਮ ਪੁੱਤਰ ਮੱਘਰ ਰਾਮ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ 6 ਮਹੀਨਿਆਂ ਦੀ ਗਰਭਵਤੀ ਸੀ। ਪੁਲਸ ਵੱਲੋਂ ਹਾਲੇ ਤੱਕ ਇਸ ਮਾਮਲੇ 'ਚ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਹਾ ਪੰਚਾਇਤ ਕਰਨ ਦਾ ਐਲਾਨ
NEXT STORY