ਸਰਹਾਲੀ ਕਲਾਂ/ਨੌਸ਼ਹਿਰਾ ਪੰਨੂੰਆਂ - ਪਿੰਡ ਢੋਟੀਆਂ ਨਿਵਾਸੀ ਅਕਾਲੀ ਆਗੂ ਨੇ ਸੱਤਾਧਾਰੀ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਕਾਂਗਰਸੀਆਂ ਵੱਲੋਂ ਉਸ ਦੇ ਹਸਪਤਾਲ ਉਪਰ ਹਮਲਾ ਕਰਦਿਆਂ ਇਕ ਗੱਡੀ ਤੇ ਮੋਬਾਇਲ ਖੋਹਣ ਦੇ ਦੋਸ਼ ਲਾਉਂਦਿਆਂ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਰੋਸ ਜਤਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ. ਜੀ. ਪੀ. ਪੰਜਾਬ ਪੁਲਸ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਢੋਟੀਆਂ ਨਿਵਾਸੀ ਗੁਰਭੇਜ ਸਿੰਘ ਪੁੱਤਰ ਸਰਦੂਲ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਡਾਕਟਰ ਹੈ ਅਤੇ ਢੋਟੀਆਂ ਵਿਖੇ ਹਸਪਤਾਲ ਚਲਾਉਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵੀ ਵਰਕਰ ਹੈ। ਪਿੰਡ ਦੀ ਹੀ ਇਕ ਔਰਤ ਦਾ ਉਨ੍ਹਾਂ ਨਾਲ ਪੁਰਾਣਾ ਝਗੜਾ ਚਲਦਾ ਹੈ, ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਉਕਤ ਔਰਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਆ ਕੇ ਹਮਲਾ ਕਰ ਦਿੱਤਾ ਅਤੇ ਉਸ ਦੀ ਮਾਤਾ ਹਰਜੀਤ ਕੌਰ ਨੂੰ ਕਾਫੀ ਸੱਟਾਂ ਲਾ ਕੇ ਜ਼ਖ਼ਮੀ ਕਰ ਦਿੱਤਾ ਤੇ ਦੋ ਮੋਬਾਇਲ ਖੋਹ ਕੇ ਲੈ ਗਏ।
ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਨੇ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਸੇ ਰੰਜਿਸ਼ ਕਾਰਨ 10 ਜੁਲਾਈ ਨੂੰ ਰਜਿੰਦਰ ਕੌਰ ਦੁਬਾਰਾ ਆਪਣੇ ਨਾਲ 4-5 ਸਾਥੀਆਂ ਸਮੇਤ ਆਈ ਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਹੱਥੋਪਾਈ ਕਰਦਿਆਂ ਹਸਪਤਾਲ ਦੇ ਕਰਿੰਦੇ ਸਤਨਾਮ ਸਿੰਘ ਤੋਂ ਉਸ ਦੀ ਗੱਡੀ ਖੋਹ ਕੇ ਫਰਾਰ ਹੋ ਗਏ। ਉਸ ਨੇ ਕਿਹਾ ਕਿ ਉਕਤ ਵਿਅਕਤੀ ਉਨ੍ਹਾਂ ਦੀ ਗੱਡੀ ਦੀ ਗਲਤ ਵਰਤੋਂ ਕਰ ਸਕਦੇ ਹਨ ਅਤੇ ਮੋਬਾਇਲ ਵੀ ਇਨ੍ਹਾਂ ਦੇ ਕੋਲ ਹੀ ਹਨ ਪਰ ਚੌਕੀ ਨੌਸ਼ਹਿਰਾ ਪੰਨੂੰਆਂ ਦੀ ਪੁਲਸ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।
ਡਾ. ਗੁਰਭੇਜ ਸਿੰਘ ਢਿੱਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ. ਜੀ. ਪੀ. ਪੰਜਾਬ ਅਤੇ ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਨੂੰ ਲਿਖਤੀ ਸ਼ਿਕਾਇਤ ਭੇਜਦਿਆਂ ਇਨਸਾਫ ਦੀ ਗੁਹਾਰ ਲਾਈ ਹੈ। ਓਧਰ ਜਦੋਂ ਉਕਤ ਔਰਤ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਸਾਡਾ ਡਾ. ਗੁਰਭੇਜ ਸਿੰਘ ਨਾਲ ਪੈਸਿਆਂ ਦਾ ਲੈਣ-ਦੇਣ ਚਲਦਾ ਹੈ ਪਰ ਅਸੀਂ ਗੱਡੀ ਨਹੀਂ ਖੋਹੀ, ਸਗੋਂ ਕੋਈ ਹੋਰ ਵਿਅਕਤੀ ਇਨ੍ਹਾਂ ਦੀ ਗੱਡੀ ਲੈ ਗਏ ਹਨ।
ਇਸ ਸਬੰਧੀ ਜਦੋਂ ਚੌਕੀ ਇੰਚਾਰਜ ਬਲਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਾ ਲੈਣ-ਦੇਣ ਦਾ ਝਗੜਾ ਚਲਦਾ ਹੈ ਅਤੇ ਜੋ ਡਾ. ਗੁਰਭੇਜ ਸਿੰਘ ਵੱਲੋਂ ਗੱਡੀ ਖੋਹਣ ਸਬੰਧੀ ਦਰਖਾਸਤ ਮਿਲੀ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਬੇਹੋਸ਼ ਮਿਲੀਆਂ ਲੜਕੀਆਂ ਦੀ ਮੌਤ ਦੇ ਮਾਮਲੇ 'ਚ ਇਕ ਦੋਸ਼ੀ ਗ੍ਰਿਫਤਾਰ, ਇਕ ਲੜਕੀ ਸੀ 3 ਮਹੀਨਿਆਂ ਦੀ ਗਰਭਵਤੀ
NEXT STORY