ਸ੍ਰੀ ਮੁਕਤਸਰ ਸਾਹਿਬ (ਦਰਦੀ) - ਪਿਛਲੀ ਸਰਕਾਰ ਨੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕੰਮ ਤੇ ਆਨਲਾਈਨ ਲਾਇਸੈਂਸ ਦਾ ਕੰਮ ਇਕੋ ਛੱਤ ਥੱਲੇ ਸ਼ੁਰੂ ਕਰ ਕੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਸੀ, ਜਿਸ ਨਾਲ ਬਠਿੰਡਾ ਰੋਡ 'ਤੇ ਸਥਿਤ ਟਰੈਕ ਵਿਖੇ ਮੈਡੀਕਲ ਲਈ ਡਾਕਟਰ ਦੀ ਸਹੂਲਤ ਤੇ ਲਾਇਸੈਂਸ ਬਣਾਉਣ ਲਈ ਸਾਰੇ ਕੰਮ ਇਕੋ ਥਾਂ 'ਤੇ ਹੁੰਦੇ ਸਨ ਪਰ ਕੈਪਟਨ ਸਰਕਾਰ ਨੇ ਆਉਂਦਿਆਂ ਹੀ ਬਿਨਾਂ ਕਿਸੇ ਅਗਾਊਂ ਪ੍ਰਬੰਧ ਦੇ ਪੰਜਾਬ ਭਰ ਵਿਚ ਡੀ. ਟੀ. ਓ. ਦੀਆਂ ਪੋਸਟਾਂ ਖ਼ਤਮ ਕਰ ਕੇ ਪਾਵਰਾਂ ਐੱਸ. ਡੀ. ਐੱਮਜ਼. ਨੂੰ ਦੇ ਦਿੱਤੀਆਂ ਸਨ, ਜਿਸ ਕਰਕੇ ਪਿਛਲੇ ਤਿੰਨ ਮਹੀਨਿਆਂ ਤੋਂ ਟਰਾਂਸਪੋਰਟ ਮਹਿਕਮੇ ਦਾ ਸਾਰਾ ਕੰਮ ਜਿਵੇਂ ਡਰਾਈਵਿੰਗ ਲਾਇਸੈਂਸ, ਹੈਵੀ, ਕਰਮਸ਼ੀਅਲ ਅਤੇ ਕੰਡਕਟਰੀ ਲਾਇਸੈਂਸ, ਆਰ. ਸੀ. ਬਣਾਉਣ ਦਾ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਹੈ।
ਪਿਛਲੇ ਤਕਰੀਬਨ ਇਕ ਮਹੀਨੇ ਤੋਂ ਮੁਕਤਸਰ ਤੇ ਮੋਗਾ ਜ਼ਿਲਿਆਂ ਨੂੰ ਫਰੀਦਕੋਟ ਨਾਲ ਜੋੜ ਕੇ ਕਮਰਸ਼ੀਅਲ ਹੈਵੀ ਤੇ ਕੰਡਕਟਰੀ ਲਾਇਸੈਂਸ ਫਰੀਦਕੋਟ ਵਿਖੇ ਬਣਾਉਣੇ ਸ਼ੁਰੂ ਕਰ ਦਿੱਤੇ ਗਏ, ਜਿਸ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਤੇ ਖੱਜਲ-ਖੁਆਰੀ ਹੱਦੋਂ ਵਧ ਹੋਣ ਲੱਗ ਪਈ ਹੈ। ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਹੜਾ ਕੰਮ ਕਿਥੇ ਕਰਵਾਇਆ ਜਾਵੇ। ਬਿਨਾਂ ਕੰਮ ਲੋਕਾਂ ਨੂੰ ਵਧ ਦੂਰੀ ਤੈਅ ਕਰਵਾ ਕੇ ਫਰੀਦਕੋਟ ਦੇ ਚੱਕਰ ਲਵਾਏ ਜਾ ਰਹੇ ਹਨ। ਇਸ ਕਾਰਨ ਜਿਥੇ ਲੋਕਾਂ ਨੂੰ ਲਾਇਸੈਂਸ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਮੁਲਾਜ਼ਮ ਵੀ ਪ੍ਰੇਸ਼ਾਨ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਲਾਇਸੈਂਸ ਬਣਾਉਣ ਲਈ ਪਹਿਲਾਂ ਐੱਸ. ਡੀ. ਐੱਮ. ਸਾਹਿਬ ਦੇ ਦਫ਼ਤਰ ਵਿਚੋਂ ਮਾਰਕ ਕਰਵਾਉਣ ਲਈ ਜਾਣਾ ਪੈਂਦਾ ਹੈ। ਫਿਰ ਫੀਸ ਭਰਨ ਲਈ ਦੂਜੀ ਜਗ੍ਹਾ ਜਾਣਾ ਪੈਂਦਾ ਹੈ, ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਜਾਣਾ ਪੈਂਦਾ ਹੈ, ਫਿਰ ਟੈਸਟ ਦੇਣ ਲਈ ਟਰੈਕ 'ਤੇ ਜਾਣਾ ਪੈਂਦਾ ਹੈ, ਫਿਰ ਫੋਟੋ ਕਰਵਾਉਣ ਡੀ. ਸੀ. ਦਫ਼ਤਰ ਜਾਣਾ ਪੈਂਦਾ ਹੈ। ਐੱਸ. ਡੀ. ਐੱਮ ਸਾਹਿਬ ਦੀ ਹਦਾਇਤ 'ਤੇ ਮੈਡੀਕਲ ਲਈ ਸਿਵਲ ਹਸਪਤਾਲ ਦਾ ਜ਼ਰੂਰੀ ਕਰ ਦਿੱਤਾ ਗਿਆ ਹੈ, ਸਿਵਲ ਹਸਪਤਾਲ 'ਚ ਡਾਕਟਰਾਂ ਦੀ ਘਾਟ ਅਤੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਣ ਕਾਰਨ ਸਾਰਾ-ਸਾਰਾ ਦਿਨ ਮੈਡੀਕਲ ਕਰਵਾਉਣ ਲਈ ਕਤਾਰ 'ਚ ਖੜ੍ਹਨਾ ਪੈਂਦਾ ਹੈ, ਜਦਕਿ ਐਕਟ ਮੁਤਾਬਕ ਮੈਡੀਕਲ ਕਿਸੇ ਵੀ ਐੱਮ. ਬੀ. ਬੀ. ਐੱਸ. ਡਾਕਟਰ ਤੋਂ ਕਰਵਾਇਆ ਜਾ ਸਕਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਨਵੀਂ-ਪੁਰਾਣੀ ਆਰ. ਸੀ. ਦਾ ਕੰਮ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਠੱਪ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਜਿਥੇ ਜੁਰਮਾਨੇ ਭਰਨੇ ਪੈ ਰਹੇ ਹਨ, ਉਥੇ ਸਰਕਾਰ ਨੂੰ ਵੀ ਮਾਲੀ ਤੌਰ 'ਤੇ ਨੁਕਸਾਨ ਹੋ ਰਿਹਾ ਹੈ।
ਇਸ ਸਮੱਸਿਆ ਸਬੰਧੀ ਕਾਮਰੇਡ ਤਰਸੇਮ ਲਾਲ, ਹਰੀਰਾਮ ਚੱਕਸ਼ੇਰੇ ਵਾਲਾ, ਜਗਸੀਰ ਸਿੰਘ, ਅੰਮ੍ਰਿਤਪਾਲ ਸਿੰਘ, ਹਰਨੇਕ ਸਿੰਘ, ਰਾਜ ਕੁਮਾਰ, ਹਰਜਿੰਦਰ ਸਿੰਘ, ਰੇਸ਼ਮ ਸਿੰਘ, ਲਵਪ੍ਰੀਤ ਸਿੰਘ, ਸੂਰਜ ਕੁਮਾਰ, ਗੁਰਲਾਲ, ਹਰਜੀਤ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਡਰਾਈਵਿੰਗ ਲਾਇਸੈਂਸ ਅਤੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸਾਰੇ ਕੰਮ ਪਹਿਲਾਂ ਦੀ ਤਰ੍ਹਾਂ ਇਕੋ ਹੀ ਸਰਕਾਰੀ ਬਿਲਡਿੰਗ ਵਿਚ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਅਤੇ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।
ਜੱਗੀ ਜੌਹਲ ਦਾ ਪੱਖ ਪੂਰ ਕੇ ਬੁਰੇ ਫਸੇ ਭਗਵੰਤ ਮਾਨ ! (ਵੀਡੀਓ)
NEXT STORY