ਜਲੰਧਰ (ਚੋਪੜਾ)–ਰਿਜਨਲ ਟਰਾਂਸਪੋਰਟ ਆਫਿਸ (ਆਰ. ਟੀ. ਓ.) ਅਧੀਨ ਆਉਂਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਸਵੇਰ ਤੋਂ ਹੀ ਬਦਇੰਤਜ਼ਾਮੀ ਦਾ ਮਾਹੌਲ ਰਿਹਾ। ਟ੍ਰੈਕ ’ਤੇ ਲੱਗੇ ਕੈਮਰੇ ਖ਼ਰਾਬ ਹੋ ਗਏ ਅਤੇ ਨਤੀਜਾ ਇਹ ਹੋਇਆ ਕਿ ਸੈਂਕੜੇ ਲੋਕਾਂ ਦੇ ਡਰਾਈਵਿੰਗ ਟੈਸਟ ਲਗਾਤਾਰ ਦੂਜੇ ਦਿਨ ਵੀ ਨਹੀਂ ਹੋ ਸਕੇ। ਲੋਕ ਸਵੇਰ ਤੋਂ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ ਪਰ ਸ਼ਾਮ ਤਕ ਨਿਰਾਸ਼ ਹੋ ਕੇ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ।
ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ! Board Exam ਨੂੰ ਲੈ ਕੇ ਹੋਇਆ ਵੱਡਾ ਐਲਾਨ
ਵਰਣਨਯੋਗ ਹੈ ਕਿ ਬੀਤੇ ਦਿਨੀਂ ਭਾਰੀ ਮੀਂਹ ਕਾਰਨ ਸੈਂਟਰ ਵਿਚ ਡਰਾਈਵਿੰਗ ਟੈਸਟ ਪੂਰੀ ਤਰ੍ਹਾਂ ਨਾਲ ਬੰਦ ਰੱਖੇ ਗਏ ਸਨ, ਹਾਲਾਂਕਿ ਕੁਝ ਦੇਰ ਮੀਂਹ ਬੰਦ ਹੋਣ ਦੇ ਬਾਵਜੂਦ ਟ੍ਰੈਕ ’ਤੇ ਤਾਇਨਾਤ ਡਾਟਾ ਐਂਟਰੀ ਆਪ੍ਰੇਟਰ ਦਾ ਬਿਨੈਕਾਰਾਂ ਨੂੰ ਤਰਕ ਸੀ ਕਿ ਜੇਕਰ ਮੀਂਹ ਵਿਚ ਕੈਮਰੇ ਅਤੇ ਸੈਂਸਰ ਚਾਲੂ ਕੀਤੇ ਗਏ ਤਾਂ ਖ਼ਰਾਬ ਹੋ ਸਕਦੇ ਹਨ, ਇਸ ਲਈ ਲਾਇਸੈਂਸ ਬਣਵਾਉਣ ਸਬੰਧੀ ਟੈਸਟ ਨਹੀਂ ਲਏ ਜਾਣਗੇ ਪਰ ਅੱਜ ਸਵੇਰੇ ਜਦੋਂ ਮੀਂਹ ਰੁਕਿਆ ਅਤੇ ਕੈਮਰੇ ਚਾਲੂ ਕੀਤੇ ਗਏ ਤਾਂ ਉਹ ਪੂਰੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਚੁੱਕੇ ਸਨ, ਜਿਸ ’ਤੇ ਲਾਇਸੈਂਸ ਬਣਵਾਉਣ ਆਏ ਅਤੇ ਭੜਕੇ ਲੋਕਾਂ ਦਾ ਵੱਡਾ ਸਵਾਲ ਇਹ ਰਿਹਾ ਕਿ ਜੇਕਰ ਕੱਲ ਕੈਮਰੇ ਬੰਦ ਰੱਖੇ ਗਏ ਸਨ ਤਾਂ ਉਹ ਖਰਾਬ ਕਿਵੇਂ ਹੋ ਗਏ। ਉਨ੍ਹਾਂ ਕਿਹਾ ਕਿ ਕੀ ਇਹ ਕੈਮਰੇ ਇੰਨੇ ਸੰਵੇਦਨਸ਼ੀਲ ਹਨ ਕਿ ਮੀਂਹ ਵੀ ਸਹਿਣ ਨਹੀਂ ਕਰ ਸਕਦੇ।

ਸ਼ਾਮ ਤਕ ਕੈਮਰਿਆਂ ਨੂੰ ਬਦਲਣ ਦਾ ਕੰਮ ਜਾਰੀ ਰਿਹਾ ਪਰ ਵਿਭਾਗ ਵੱਲੋਂ ਕੋਈ ਸਪੱਸ਼ਟ ਬਿਆਨ ਸਾਹਮਣੇ ਨਹੀਂ ਆਇਆ। ਬਿਨੈਕਾਰਾਂ ਦਾ ਕਹਿਣਾ ਸੀ ਕਿ ਸਾਡਾ ਸਮਾਂ, ਪੈਸਾ ਅਤੇ ਮਿਹਨਤ ਸਭ ਬਰਬਾਦ ਹੋ ਗਿਆ ਪਰ ਪ੍ਰਸ਼ਾਸਨ ਨੇ ਸਿਰਫ਼ ਤਕਨੀਕੀ ਖਰਾਬੀ ਦਾ ਬਹਾਨਾ ਬਣਾ ਕੇ ਚੁੱਪ ਧਾਰ ਲਈ।
ਜ਼ਿਕਰਯੋਗ ਹੈ ਕਿ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਲਗਾਤਾਰ ਹੋ ਰਹੀਆਂ ਤਕਨੀਕੀ ਦਿੱਕਤਾਂ ਨੇ ਲੋਕਾਂ ਦਾ ਭਰੋਸਾ ਡਗਮਗਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਸਿਸਟਮ ਨੂੰ ਪਾਰਦਰਸ਼ਿਤਾ ਅਤੇ ਸਹੂਲਤ ਦੇਣ ਲਈ ਲਾਗੂ ਕੀਤਾ ਗਿਆ ਸੀ, ਉਹ ਹੁਣ ਪ੍ਰੇਸ਼ਾਨੀ ਅਤੇ ਲਾਪ੍ਰਵਾਹੀ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਸਤਲੁਜ ਦਰਿਆ ਗਿੱਦੜਪਿੰਡੀ ਪੁਲ 'ਤੇ ਪਾਣੀ ਦਾ ਵਹਾਅ, ਲੋਕਾਂ 'ਚ ਸਹਿਮ

ਬਿਨੈਕਾਰਾਂ ਦੀ ਨਾਰਾਜ਼ਗੀ : ‘ਹਰ ਵਾਰ ਨਵੀਂ ਦਿੱਕਤ’
ਆਨਲਾਈਨ ਐਪੁਆਇੰਟਮੈਂਟ ਲੈ ਕੇ ਦੂਰ-ਦੁਰਾਡੇ ਇਲਾਕਿਆਂ ਤੋਂ ਆਏ ਬਿਨੈਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀਆਂ ਪਈਆਂ। ਕਈ ਲੋਕਾਂ ਨੇ ਕਿਹਾ ਕਿ ਉਹ ਆਪਣੇ ਕੰਮ-ਧੰਦੇ ਛੱਡ ਕੇ ਇਥੇ ਪਹੁੰਚੇ ਸਨ ਪਰ ਸੈਂਟਰ ’ਤੇ ਪਹੁੰਚਦੇ ਹੀ ਉਨ੍ਹਾਂ ਨੂੰ ਦੋ-ਟੁੱਕ ਜਵਾਬ ਮਿਲਦਾ ਹੈ ਕਿ ਅੱਜ ਟੈਸਟ ਨਹੀਂ ਹੋਣਗੇ। ਇਕ ਬਿਨੈਕਾਰ ਰਜਨੀਸ਼ ਕੁਮਾਰ ਨੇ ਗੁੱਸੇ ਵਿਚ ਕਿਹਾ ਕਿ ਜਲੰਧਰ ਵਿਚ ਹੀ ਹਜ਼ਾਰਾਂ ਘਰਾਂ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ, ਉਹ ਮੀਂਹ-ਧੁੱਪ ਸਭ ਕੁਝ ਝੱਲਦੇ ਹਨ ਅਤੇ ਸਾਲਾਂ ਤਕ ਖ਼ਰਾਬ ਨਹੀਂ ਹੁੰਦੇ। ਫਿਰ ਡਰਾਈਵਿੰਗ ਟ੍ਰੈਕ ’ਤੇ ਲੱਗੇ ਕੈਮਰੇ ਆਏ ਦਿਨ ਕਿਉਂ ਖਰਾਬ ਹੋ ਜਾਂਦੇ ਹਨ?
ਇਕ ਹੋਰ ਨੌਜਵਾਨ ਜਸਮੀਤ ਸਿੰਘ ਨੇ ਵਿਅੰਗ ਕਰਦਿਆਂ ਕਿਹਾ ਕਿ ਇਥੇ ਲੋਕਾਂ ਨੂੰ ਲਾਇਸੈਂਸ ਦੇਣ ਨਾਲੋਂ ਜ਼ਿਆਦਾ ਪ੍ਰੇਸ਼ਾਨ ਕਰਨ ਦੀ ਵਿਵਸਥਾ ਬਣੀ ਹੋਈ ਹੈ। ਹਰ ਵਾਰ ਕਦੇ ਸਰਵਰ ਡਾਊਨ, ਕਦੇ ਕੈਮਰੇ ਖਰਾਬ, ਆਖਿਰ ਵਿਭਾਗੀ ਗਲਤੀਆਂ ਦਾ ਖਮਿਆਜ਼ਾ ਕਦੋਂ ਤਕ ਜਨਤਾ ਭੁਗਤੇਗੀ?
ਸੁਰੱਖਿਆ ਨਾਲ ਖਿਲਵਾੜ, ਲਗਭਗ 30 ਫੁੱਟ ਉੱਚੇ ਟਾਵਰ ’ਤੇ ਬਿਨਾਂ ਸੇਫਟੀ ਉਪਕਰਨ ਪਹਿਨਾਏ ਚੜ੍ਹਾ ਦਿੱਤਾ ਨੌਜਵਾਨ
ਸਭ ਤੋਂ ਹੈਰਾਨ ਕਰਨ ਵਾਲੀ ਤਸਵੀਰ ਉਦੋਂ ਸਾਹਮਣੇ ਆਈ ਜਦੋਂ ਸੈਂਟਰ ਵਿਚ ਖਰਾਬ ਕੈਮਰੇ ਬਦਲਣ ਲਈ ਇਕ ਨੌਜਵਾਨ ਨੂੰ ਲੱਗਭਗ 30 ਫੁੱਟ ਉੱਚੇ ਟਾਵਰ ’ਤੇ ਚੜ੍ਹਾ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਉਸ ਨੇ ਕੋਈ ਸੁਰੱਖਿਆ ਬੈਲਟ, ਹੈਲਮੇਟ ਜਾਂ ਕੋਈ ਸੁਰੱਖਿਆ ਉਪਕਰਨ ਨਹੀਂ ਪਹਿਨਿਆ ਹੋਇਆ ਸੀ। ਇਹ ਦੇਖ ਕੇ ਲੋਕਾਂ ਨੇ ਸਵਾਲ ਉਠਾਇਆ ਕਿ ਇਸ ਕਾਰਨ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਕੀ ਪ੍ਰਸ਼ਾਸਨ ਅਤੇ ਵਿਭਾਗ ਨੇ ਕਦੇ ਅਜਿਹੇ ਕੰਮਾਂ ਲਈ ਸੁਰੱਖਿਆ ਗਾਈਡਲਾਈਨਜ਼ ਬਣਾਈਆਂ ਹਨ? ਕੀ ਇਹ ਕੈਮਰਿਆਂ ਦੀ ਮੁਰੰਮਤ ਦੇ ਬਹਾਨੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਨਹੀਂ ਖਿਲਵਾੜ ਨਹੀਂ ਹੈ?
ਤਕਨੀਕੀ ਸੈਂਟਰ ਜਾਂ ‘ਪ੍ਰੇਸ਼ਾਨੀ ਸੈਂਟਰ’
ਡਰਾਈਵਿੰਗ ਟੈਸਟ ਸੈਂਟਰ ਨੂੰ ਅਤਿ-ਆਧੁਨਿਕ ਅਤੇ ਆਟੋਮੇਟਿਡ ਦੱਸ ਕੇ ਸ਼ੁਰੂ ਕੀਤਾ ਗਿਆ ਸੀ। ਦਾਅਵਾ ਕੀਤਾ ਗਿਆ ਸੀ ਕਿ ਇਹ ਬਿਨਾਂ ਮਨੁੱਖੀ ਦਖਲ ਦੇ ਕੈਮਰਿਆਂ ਅਤੇ ਸੈਂਸਰ ਦੇ ਆਧਾਰ ’ਤੇ ਟੈਸਟ ਹੋਵੇਗਾ, ਜਿਸ ਨਾਲ ਪਾਰਦਰਸ਼ਿਤਾ ਬਣੀ ਰਹੇਗੀ ਪਰ ਅਸਲੀਅਤ ਵਿਚ ਹਰ ਦੂਜੇ ਜਾਂ ਤੀਜੇ ਦਿਨ ਕਦੇ ਸਰਵਰ, ਕਦੇ ਕੈਮਰੇ ਅਤੇ ਕਦੇ ਸੈਂਸਰ ਖਰਾਬ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਲੋਕਾਂ ਨੇ ਇਸ ਨੂੰ ਵਿਅੰਗਾਤਮਕ ਢੰਗ ਨਾਲ 'ਪ੍ਰੇਸ਼ਾਨੀ ਸੈਂਟਰ' ਕਹਿਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਹੜ੍ਹਾਂ ਕਾਰਨ ਪੰਜਾਬ 'ਚ ਵਿਗੜੇ ਹਾਲਾਤ ! NDRF ਤੇ SDRF ਨੇ ਸਾਂਭਿਆ ਮੋਰਚਾ, ਸਕੂਲ ਬੰਦ, ਅਧਿਕਾਰੀਆਂ ਦੀਆਂ ਛੁੱਟੀਆਂ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਗਾਤਾਰ ਬਾਰਸ਼ ਕਾਰਨ ਬੀ.ਡੀ.ਪੀ.ਓ. ਦਫ਼ਤਰ, ਮਾਰਕੀਟ ਕਮੇਟੀ ਅਤੇ ਅਨਾਜ ਮੰਡੀ ਪਾਣੀ 'ਚ ਘਿਰੇ
NEXT STORY