ਤਰਨਤਾਰਨ (ਰਮਨ) : ਗੁਆਂਢੀ ਦੇਸ਼ ਪਾਕਿਸਤਾਨ-ਭਾਰਤ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਆਏ ਦਿਨ ਡਰੋਨ ਰਾਹੀਂ ਹੈਰੋਇਨ ਦੀਆਂ ਖੇਪਾਂ ਭੇਜਣ ਤੋਂ ਬਾਜ਼ ਨਹੀਂ ਆ ਰਿਹਾ ਹੈ ਪ੍ਰੰਤੂ ਸਰਹੱਦ ਉੱਪਰ ਤਾਇਨਾਤ ਬੀ.ਐੱਸ.ਐੱਫ ਅਤੇ ਪੰਜਾਬ ਪੁਲਸ ਦੀ ਸਖ਼ਤ ਕਾਰਵਾਈ ਪਾਕਿਸਤਾਨੀ ਮਨਸੂਬਿਆਂ ਨੂੰ ਕਾਮਯਾਬ ਹੋਣ ਤੋਂ ਰੋਕਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਦੀ ਇਕ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦੋਂ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਡਰੋਨ ਰਾਹੀਂ ਪੁੱਜੀ 305 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਬ ਡਵੀਜ਼ਨ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਪਾਕਿਸਤਾਨੀ ਡਰੋਨ ਵਲੋਂ ਸੈਕਟਰ ਅਮਰਕੋਟ ਅਧੀਨ ਆਉਂਦੀ ਬੀ.ਓ.ਪੀ ਪਲੋਪਤੀ ਰਾਹੀਂ ਭਾਰਤੀ ਖੇਤਰ ਵਿਚ ਦਾਖਲ ਹੋਣ ਦੀ ਆਵਾਜ਼ ਸੁਣਾਈ ਦਿੱਤੀ ਗਈ, ਜਿਸ ਸਬੰਧੀ ਬੀ.ਐੱਸ.ਐੱਫ ਦੀ 103 ਬਟਾਲੀਅਨ ਅਤੇ ਥਾਣਾ ਖਾਲੜਾ ਦੀ ਪੁਲਸ ਵਲੋਂ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਨਿਰਮਲ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਰਾਜੋਕੇ ਦੇ ਖੇਤਾਂ ਵਿਚ ਡਰੋਨ ਰਾਹੀਂ ਸੁੱਟੀ ਗਈ 330 ਗ੍ਰਾਮ ਵਜ਼ਨ ਵਾਲੀ ਪਲਾਸਟਿਕ ਦੀ ਬੋਤਲ ਨੂੰ ਬਰਾਮਦ ਕੀਤਾ ਗਿਆ, ਜਿਸ ਵਿਚੋਂ 305 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਅੰਤਰਰਾਸ਼ਟਰੀ ਬਾਰਡਰ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ ਥਾਣਾ ਖਾਲਡ਼ਾ ਵਿਖੇ ਮਾਮਲਾ ਦਰਜ ਕਰਦੇ ਹੋਏ ਡਰੋਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਹੁਣ ਪੰਜਾਬ 'ਚ ਵੀ ਹੋਵੇਗੀ ਕੇਸਰ ਦੀ ਖੇਤੀ, GNDU ਦੇ ਮਾਹਿਰਾਂ ਨੇ ਤਿਆਰ ਕੀਤਾ ਟਿਸ਼ੂ
NEXT STORY