ਪਟਿਆਲਾ,(ਬਲਜਿੰਦਰ): ਸਰਕਾਰੀ ਰਾਜਿੰਦਰਾ ਹਸਪਤਾਲ 'ਚ ਬਣੇ ਨਸ਼ਾ ਛੁਡਾਊ ਕੇਂਦਰ 'ਚ ਇਲਾਜ ਅਧੀਨ ਇਕ ਨੌਜਵਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਨੌਜਵਾਨ ਦੀ ਪਛਾਣ ਲਵਦੀਪ ਸਿੰਘ ਪੁੱਤਰ ਹੇਮ ਚੰਦ ਵਾਸੀ ਪ੍ਰੇਮ ਨਗਰ, ਪਟਿਆਲਾ ਵਜੋਂ ਹੋਈ, ਜਿਸ ਦੀ ਉਮਰ ਸਿਰਫ 24 ਸਾਲ ਦੀ ਸੀ ਤੇ ਉਸ ਨੂੰ ਨਸ਼ਾ
ਛੁਡਾਊ ਕੇਂਦਰ 'ਚ ਇਸੇ ਮਹੀਨੇ 16 ਮਈ ਨੂੰ ਦਾਖਲ ਕਰਵਾਇਆ ਗਿਆ ਸੀ। ਲਵਦੀਪ ਸਿੰਘ ਨੇ ਹਸਪਤਾਲ ਦੇ ਬਾਥਰੂਮ 'ਚ ਜਾ ਕੇ ਫਾਹਾ ਲਿਆ। ਇਹ ਘਟਨਾ ਬੀਤੀ ਰਾਤ ਦੀ ਹੈ। ਜਿਉਂ ਲਵਦੀਪ ਦੇ ਪਰਿਵਾਰ ਵਾਲਿਆਂ ਨੂੰ ਇਹ ਸੂਚਨਾ ਮਿਲੀ ਤਾਂ ਉਹ ਤੁਰੰਤ ਹਸਪਤਾਲ 'ਚ ਪਹੁੰਚ ਗਏ ਤੇ ਉਨ੍ਹਾਂ ਨੇ ਇਸ ਨੂੰ ਹਸਪਤਾਲ ਦੀ ਅਣਗਹਿਲੀ ਕਰਾਰ ਦਿੱਤਾ। ਪਰਿਵਾਰ ਵਾਲਿਆਂ ਨੇ ਪਹਿਲਾਂ ਹਸਪਤਾਲ 'ਚ ਇਸ ਗੱਲ ਨੂੰ ਲੈ ਕੇ ਰੌਲਾ ਪਾਇਆ ਤੇ ਫਿਰ ਮਾਡਲ ਟਾਊਨ ਚੌਕੀ 'ਚ ਇਸ ਸਬੰਧ 'ਚ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ। ਪਰਿਵਾਰ ਦੇ ਨਾਲ ਕੌਂਸਲਰ ਹਰਦੀਪ ਸਿੰਘ ਖਹਿਰਾ ਤੇ ਇਲਾਕੇ ਦੇ ਪਤਵੰਤੇ ਵਿਅਕਤੀ ਵੀ ਪਹੁੰਚੇ ਹੋਏ ਸਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੇ ਚਾਚੇ ਜਸਪਾਲ ਸਿੰਘ ਨੇ ਦੱਸਿਆ ਕਿ ਲਵਦੀਪ ਦੀ ਮਾਤਾ ਰਾਤ 7.45 ਵਜੇ ਖਾਣਾ ਦੇਣ ਤੋਂ ਬਾਅਦ ਜਿਉਂ ਹੀ ਘਰ ਪਹੁੰਚੀ ਤਾਂ ਪਿੱਛੋਂ ਫੋਨ ਆ ਗਿਆ ਕਿ ਲੜਕੇ ਦੀ ਤਬੀਅਤ ਖਰਾਬ ਹੈ, ਜਦੋਂ ਉਹ ਹਸਪਤਾਲ ਪਹੁੰਚੇ ਤਾਂ ਲਵਦੀਪ ਨੂੰ ਐਮਰਜੈਂਸੀ 'ਚ ਲਿਟਾਇਆ ਹੋਇਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਹ ਸਿੱਧੇ ਤੌਰ 'ਤੇ ਹਸਪਤਾਲ ਦੀ ਅਣਗਹਿਲੀ ਹੈ, ਜਦੋਂ ਉਥੇ ਹਮੇਸ਼ਾ ਗਾਰਡ ਰਹਿੰਦਾ ਹੈ ਅਤੇ ਸਟਾਫ ਰਹਿੰਦਾ ਹੈ ਤਾਂ ਲਵਦੀਪ ਫਾਹਾ ਲੈਣ ਲਈ ਜਦੋਂ ਸਟੂਲ ਲੈ ਕੇ ਗਿਆ ਤਾਂ ਕਿਸੇ ਨੇ ਉਸ ਤੋਂ ਕੁਝ ਨਹੀਂ ਪੁੱਛਿਆ ਕਿਉਂਕਿ ਨਸ਼ਾ ਛੁਡਾਊ ਕੇਂਦਰ ਹੈ ਅਤੇ ਉਥੇ ਇਸ ਦੀ ਸੰਭਾਵਨਾ ਕਾਫੀ ਜ਼ਿਆਦਾ ਰਹਿੰਦੀ ਹੈ ਤਾਂ ਸਟਾਫ ਨੂੰ ਇਸ ਦੀ ਗੱਲ ਦੀ ਗੌਰ ਜ਼ਿਆਦਾ ਰੱਖਣੀ ਚਾਹੀਦੀ ਹੈ। ਦੂਜੇ ਪਾਸੇ ਮਾਮਲੇ ਦੇ ਜਾਂਚ ਅਧਿਕਾਰੀ ਸ਼ਿਵਦੇਵ ਸਿੰਘ ਚੀਗਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਸ ਮਾਮਲੇ ਵਿਚ ਫਿਲਹਾਲ 174 ਦੀ ਕਾਰਵਾਈ ਕਰ ਲਈ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜੋ ਵੀ ਸਾਹਮਣੇ ਆਇਆ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ।
ਐੱਸ. ਡੀ. ਐੱਮ. ਨੂੰ ਸੌਂਪੀ ਨਿਆਇਕ ਜਾਂਚ
ਪਰਿਵਾਰ ਵੱਲੋਂ ਲਵਦੀਪ ਸਿੰਘ ਦੀ ਮੌਤ ਦੇ ਮਾਮਲੇ ਵਿਚ ਹਸਪਤਾਲ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰਨ ਤੋਂ ਬਾਅਦ ਇਸ ਮਾਮਲੇ ਦੀ ਨਿਆਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਿਆਇਕ ਜਾਂਚ ਐੱਸ.ਡੀ.ਐੱਮ. ਅਰਵਿੰਦਰ ਸਿੰਘ ਅਰੋੜਾ ਕਰ ਰਹੇ ਹਨ। ਉਨ੍ਹਾਂ ਨੇ ਅੱਜ ਘਟਨਾ ਵਾਲੀ ਥਾਂ ਦਾ ਜਾਇਜ਼ਾ ਵੀ ਲਿਆ ਅਤੇ ਉਥੇ ਸਟਾਫ ਅਤੇ ਮਰੀਜ਼ਾਂ ਤੋਂ ਵੀ ਪੁੱਛਗਿੱਛ ਕੀਤੀ। ਐੱਸ.ਡੀ.ਐੱਮ. ਅਰੋੜਾ ਨੇ ਦਸਤਾਵੇਜ਼ ਚੈੱਕ ਵੀ ਕੀਤਾ। ਇਥੇ ਇਹ ਦੱਸਣਯੋਗ ਹੈ ਕਿ ਨਸ਼ਾ ਛੁਡਾਊ ਕੇਂਦਰ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਨਹੀਂ ਚੱਲ ਰਹੇ ਸਨ ਜਿਸ ਨੂੰ ਲੈ ਕੇ ਐੱਸ.ਡੀ.ਐੱਮ. ਕਾਫੀ ਨਰਾਜ਼ ਹੋਏ।
ਜਲੰਧਰ : ਜ਼ੋਮੈਟੋ ਦੇ ਡਿਲਿਵਰੀ ਬੁਆਏ 'ਤੇ ਅਣਪਛਾਤਿਆਂ ਨੇ ਚਲਾਈ ਗੋਲੀ (ਵੀਡੀਓ)
NEXT STORY