ਅੰਮ੍ਰਿਤਸਰ, (ਸੰਜੀਵ)- ਗੈਰ -ਕਾਨੂੰਨੀ ਤੌਰ ’ਤੇ ਨਸ਼ੇ ਦੀਆਂ ਗੋਲੀਆਂ ਬਣਾ ਰਹੀ ਦਵਾਈ ਦੀ ਫੈਕਟਰੀ ਵਿਲ ਮਾਰਕ ਫਾਰਮਾਸਿਊਟੀਕਲ ਦੇ ਮਾਲਕ ਰਾਜਨ ਭਾਰਦਵਾਜ ਨੂੰ ਅੱਜ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਗ੍ਰਿਫਤਾਰ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ ਜਦੋਂ ਕਿ ਰਾਜਨ ਦੇ ਭਰਾ ਰਾਜੀਵ ਦੀ ਗ੍ਰਿਫਤਾਰੀ ਲਈ ਪੁਲਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਪੁਲਸ ਨੇ 3 ਜੁਲਾਈ ਨੂੰ ਖਾਸਾ ਖੁਰਮਨੀਆ ਰੋਡ ਤੋਂ ਰਿਟਾ. ਐੱਸ. ਪੀ. ਸ਼ੇਰ ਜੰਗ ਬਹਾਦਰ ਦੇ ਬੇਟੇ ਕਰਨਦੀਪ ਸ਼ਰਮਾ ਨੂੰ 40 ਹਜ਼ਾਰ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਉਸ ਨੇ ਵਿਲ ਮਾਰਕ ਤੋਂ 50 ਹਜ਼ਾਰ ਰੁਪਏ ਵਿਚ ਖਰੀਦਿਆ ਸੀ, ਜਿਸ ਦੇ ਬਾਅਦ ਪੁਲਸ ਨੇ ਫੈਕਟਰੀ ਦੇ ਕਰਮਚਾਰੀ ਭਾਰਤ ਭੂਸ਼ਣ ਨੂੰ ਗ੍ਰਿਫਤਾਰ ਕੀਤਾ ਅਤੇ ਜਾਂਚ ਦੌਰਾਨ ਫੈਕਟਰੀ ਮਾਲਕ ਰਾਜਨ ਭਾਰਦਵਾਜ ਅਤੇ ਰਾਜੀਵ ਭਾਰਦਵਾਜ ਦੇ ਨਾਮ ਸਾਹਮਣੇ ਆਏ ਸਨ।
ਫਲੈਸ਼ ਬੈਕ : ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਸਰਹੱਦੀ ਖੇਤਰਾਂ ਵਿਚ ਨਸ਼ਾ ਸਮੱਗਲਿੰਗ ਦਾ ਧੰਦਾ ਚਲਾ ਰਹੇ ਪੰਜਾਬ ਪੁਲਸ ਦੇ ਰਿਟਾਇਰਡ ਐੱਸ. ਪੀ. ਸ਼ੇਰਜੰਗ ਬਹਾਦਰ ਦੇ ਬੇਟੇ ਕਰਨਦੀਪ ਸ਼ਰਮਾ ਨਿਵਾਸੀ ਮਜੀਠਾ ਰੋਡ ਨੂੰ 40 ਹਜ਼ਰ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਸੀ, ਜੋ ਆਪਣੀ ਗੱਡੀ ਵਿਚ ਗੋਲੀਆਂ ਭਰਕੇ ਦਿਹਾਤੀ ਖੇਤਰਾਂ ਵਿਚ ਸਪਲਾਈ ਕਰਨ ਲਈ ਜਾ ਰਿਹਾ ਸੀ। ਰਿਮਾਂਡ ਦੌਰਾਨ ਕਰਨਦੀਪ ਸ਼ਰਮਾ ਨੇ ਫੈਕਟਰੀ ਦੇ ਕਰਮਚਾਰੀ ਭਾਰਤ ਭੂਸਣ ਦਾ ਨਾਮ ਦੱਸਿਆ ਸੀ। ਜਿਸ ’ਤੇ ਪੁਲਸ ਨੇ ਭਾਰਤ ਭੂਸਣ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ?
ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ 3 ਜੁਲਾਈ ਨੂੰ ਪੰਜਾਬ ਪੁਲਸ ਦੇ ਸਾਬਕਾ ਐੱਸ. ਪੀ. ਸ਼ੇਰ ਜੰਗ ਬਹਾਦਰ ਦੇ ਬੇਟੇ ਕਰਨਦੀਪ ਸ਼ਰਮਾ ਨੂੰ 40 ਹਜ਼ਾਰ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਬਾਅਦ ਭਾਰਤ ਭੂਸ਼ਣ ਦੀ ਗ੍ਰਿਫਤਾਰੀ ਹੋਈ ਅਤੇ ਮਜੀਠਾ ਰੋਡ ’ਤੇ ਸਥਿਤ ਵਿਲ ਮਾਰਕ ਫਾਰਮਾਸਿਊਟੀਕਲ ਕੰਪਨੀ ਦੇ ਮਾਲਕਾਂ ਦਾ ਨਾਮ ਸਾਹਮਣੇ ਆਇਆ। ਭਾਰਤ ਭੂਸਣ ਨੇ ਦੱਸਿਆ ਕਿ ਕਰਨਦੀਪ ਉਸ ਦੇ ਜਰੀਏ ਨਸ਼ੇ ਦੀਆਂ ਗੋਲੀਆਂ ਖਰੀਰਦਾ ਸੀ ਅਤੇ ਉਸ ਨੂੰ ਕਮਿਸ਼ਨ ਦਿੰਦਾ ਸੀ। ਦੂਜੇ ਪਾਸੇੇ ਫੈਕਟਰੀ ਤੋਂ ਵੀ ਉਸ ਨੂੰ ਮੋਟਾ ਪੈਸਾ ਮਿਲਦਾ ਸੀ। ਫੈਕਟਰੀ ਮਾਲਕ ਨੇ ਭਾਰਤ ਭੂਸਣ ਨੂੰ ਨਸ਼ੇ ਦੀਆਂ ਗੋਲੀਆਂ ਵੇਚਣ ਲਈ ਦਲਾਲ ਰੱਖਿਆ ਹੋਇਆ ਸੀ। ਹੁਣ ਪੁਲਸ ਨੇ ਫੈਕਟਰੀ ਦੇ ਮਾਲਕ ਰਾਜਨ ਭਾਰਦਵਾਜ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਛੇਤੀ ਉਸ ਦੇ ਭਰਾ ਨੂੰ ਵੀ ਫਡ਼ ਲਿਆ ਜਾਵੇਗਾ। ਫੈਕਟਰੀ ਦੇ ਕਰਮਚਾਰੀ ਨੇ ਜਾਂਚ ਦੌਰਾਨ ਇਹ ਵੀ ਦੱਸਿਆ ਕਿ ਫੈਕਟਰੀ ਦੇ ਇਕ ਕਮਰੇ ਵਿਚ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਣਾਕੇ ਰੱਖੀਆਂ ਗਈਆਂ ਸਨ, ਜਿਸ ਨੂੰ ਕਰਨਦੀਪ ਦੀ ਗ੍ਰਿਫਤਾਰੀ ਉਪਰੰਤ ਗਾਇਬ ਕਰ ਦਿੱਤਾ ਗਿਆ। ਹੁਣ ਦੋਵਾਂ ਫੈਕਟਰੀ ਮਾਲਕਾਂ ਦੀ ਗ੍ਰਿਫਤਾਰੀ ਉਪਰੰਤ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਜਾਣਗੀਆਂ।
ਬਲੈਰੋ ਅਤੇ ਟਰੈਕਟਰ-ਟਰਾਲੀ ’ਚ ਟੱਕਰ, ਨੌਜਵਾਨ ਦੀ ਮੌਤ
NEXT STORY