ਲੁਧਿਆਣਾ (ਅਨਿਲ) : ਜਾਂਚ ਅਧਿਕਾਰੀ ਨੇ ਦੱਸਿਆ ਕਿ 5 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਪਵਨ ਕੁਮਾਰ ਮੋਟੀ ਕਮਾਈ ਦੇ ਲਾਲਚ ਵਿਚ ਮੁਲਜ਼ਮ ਨਸ਼ੇ ਦੇ ਕਾਰੋਬਾਰ ਵਿਚ ਉਤਰਿਆ। ਇਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਘਰੋਂ ਹੈਰੋਇਨ ਵੇਚ ਕੇ ਕਮਾਈ ਗਈ 1.70 ਲੱਖ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਪਿਛਲੇ 2 ਸਾਲ ਤੋਂ ਨਸ਼ਾ ਸਮੱਗਲਿੰਗ ਦਾ ਕੰਮ ਕਰ ਰਿਹਾ ਹੈ। ਉਕਤ ਖੇਪ ਉਹ ਦਿੱਲੀ ਦੇ ਨਾਈਜੀਰੀਅਨ ਤੋਂ ਲਿਆਇਆ ਸੀ, ਜਿਸ ਨੂੰ ਮਹਾਨਗਰ ਵਿਚ ਗਾਹਕਾਂ ਨੂੰ ਪ੍ਰਚੂਨ ਵਿਚ ਮਹਿੰਗੇ ਮੁੱਲ ਵੇਚਣਾ ਸੀ।
ਐੱਸ. ਟੀ. ਐੱਫ. ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਛਲੇ 2 ਸਾਲਾਂ ਤੋਂ ਹੈਰੋਇਨ ਦੀ ਸਪਲਾਈ ਦਾ ਕੰਮ ਕਰ ਰਿਹਾ ਹੈ। ਮੁਲਜ਼ਮ ਪਹਿਲਾਂ ਲੁਧਿਆਣਾ ਤੋਂ ਹੀ ਹੈਰੋਇਨ ਖਰੀਦ ਕੇ ਗਾਹਕਾਂ ਨੂੰ ਸਪਲਾਈ ਕਰਦਾ ਸੀ ਪਰ ਬਾਅਦ ਵਿਚ ਬੱਸ ਵਿਚ ਜਾ ਕੇ ਦਿੱਲੀ ਤੋਂ ਹੈਰੋਇਨ ਲਿਆਉਣ ਲੱਗਾ। ਨਸ਼ੇ ਤੋਂ ਕੀਤੀ ਕਮਾਈ ਨਾਲ ਉਸ ਨੇ 6.75 ਲੱਖ ਦੀ ਬਲੈਰੋ ਗੱਡੀ ਖਰੀਦੀ ਤੇ 2 ਸਾਲਾਂ 'ਚ ਹੀ ਕਰੋੜਪਤੀ ਬਣ ਗਿਆ। ਉਹ ਆਪਣਾ ਆਲੀਸ਼ਾਨ ਮਕਾਨ ਤਿਆਰ ਕਰਵਾ ਰਿਹਾ ਹੈ, ਜਿਸ 'ਤੇ 50 ਲੱਖ ਦੀ ਲਾਗਤ ਆਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਲੋਕਾਂ ਨੂੰ ਵਿਆਜ 'ਤੇ ਵੀ ਪੈਸੇ ਦਿੰਦਾ ਹੈ।
ਡਰੱਗ ਮਨੀ ਨਾਲ ਖਰੀਦੀ ਪ੍ਰਾਪਰਟੀ ਹੋਵੇਗੀ ਅਟੈਚ
ਜਾਂਚ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਸਮੱਗਲਰ ਦੇ ਬੈਂਕ ਖਾਤੇ ਅਤੇ ਪ੍ਰਾਪਰਟੀ ਸਬੰਧੀ ਕਰ ਵਿਭਾਗ ਤੋਂ ਜਾਂਚ ਕਰਵਾਈ ਜਾ ਰਹੀ ਹੈ, ਜਿਸ ਨੇ ਕਈ ਜਾਇਦਾਦਾਂ ਆਪਣੇ ਪਿਤਾ ਦੇ ਨਾਂ 'ਤੇ ਖਰੀਦੀਆਂ ਹਨ। ਇਨ੍ਹਾਂ ਸਭ ਦੀ ਲਿਸਟ ਤਿਆਰ ਕਰਨ ਤੋਂ ਬਾਅਦ ਦੋ ਨੰਬਰ ਦੀ ਕਮਾਈ ਨਾਲ ਬਣਾਈ ਜਾਇਦਾਦ ਨੂੰ ਅਟੈਚ ਕੀਤਾ ਜਾਵੇਗਾ।
ਵਟਸਐਪ 'ਤੇ ਹੀ ਤੈਅ ਕਰਦਾ ਸੀ ਡੀਲਿੰਗ ਦੀ ਜਗ੍ਹਾ
ਉਨ੍ਹਾਂ ਦੱਸਿਆ ਕਿ ਮੁਲਜ਼ਮ ਪਵਨ ਕੁਮਾਰ ਵਟਸਐਪ 'ਤੇ ਨਾਈਜੀਰੀਅਨ ਨਾਲ ਸੰਪਰਕ ਕਰ ਕੇ ਹੈਰੋਇਨ ਮੰਗਵਾਉਂਦਾ ਸੀ, ਜਿਸ ਤੋਂ ਬਾਅਦ ਦਿੱਲੀ ਜਾ ਕੇ ਵਟਸਐਪ 'ਤੇ ਹੀ ਉਸ ਜਗ੍ਹਾ ਦੀ ਲੋਕੇਸ਼ਨ ਤੈਅ ਕਰਦਾ ਸੀ, ਜਿੱਥੇ ਡੀਲਿੰਗ ਕਰਨੀ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ ਤਾਂ ਕਿ ਉਸ ਦੇ ਨੈੱਟਵਰਕ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਸਕੇ।
ਤਨਖਾਹ ਨਾ ਮਿਲਣ ਕਾਰਨ ਭੜਕੇ ਥਰਮਲ ਮੁਲਾਜ਼ਮਾਂ ਨੇ ਲਾਇਆ ਧਰਨਾ
NEXT STORY