ਮੌਡ਼ ਮੰਡੀ(ਪ੍ਰਵੀਨ)- ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਪੂਰੇ ਪੰਜਾਬ ਨੂੰ ਝੰਜੋਡ਼ ਕੇ ਰੱਖ ਦਿੱਤਾ ਹੈ, ਜਿਸ ਕਾਰਨ ਲੋਕਾਂ ਦਾ ਗੁੱਸਾ ਪੂਰੇ ਸਿਖਰਾਂ ਤੇ ਪੁੱਜ ਚੁੱਕਾ ਹੈ, ਦਿਨੋਂ-ਦਿਨ ਵੱਧ ਰਹੇ ਨਸ਼ਿਆਂ ਖਿਲਾਫ਼ ਚੱਲੀ ਗੁੱਸੇ ਦੀ ਲਹਿਰ ਦੇ ਵਿਰੋਧ ’ਚ ਅੱਜ ਮੌਡ਼ ਮੰਡੀ ਦੇ ਬਾਜ਼ਾਰਾਂ ’ਚ ‘ਇਨਕਲਾਬ ਜ਼ਿੰਦਾਬਾਦ’ ਮੁਹਿੰਮ ਦੇ ਬਾਨੀ ਬਾਬਾ ਦਵਿੰਦਰ ਸਿੰਘ ਦੀ ਅਗਵਾਈ ’ਚ ਭਰਵਾਂ ਚਿਤਾਵਨੀ ਤੇ ਰੋਸ ਮਾਰਚ ਕੱਢਿਆ ਗਿਆ। ਅੱਜ ਵੱਖ-ਵੱਖ ਬਾਜ਼ਾਰਾਂ ’ਚ ਕੱਢੇ ਗਏ ਇਸ ਚਿਤਾਵਨੀ ਮਾਰਚ ਨੂੰ ਸੰਬੋਧਨ ਕਰਦੇ ਹੋਏ ਬਾਬਾ ਦਵਿੰਦਰ ਸਿੰਘ ਨੇ ਨਸ਼ਾ ਸਮੱਗਲਰਾਂ ਨੂੰ ਅਪੀਲ ਕੀਤੀ ਕਿ ਉਹ ਪਾਪ ਦੀ ਇਸ ਕਮਾਈ ਨਾਲ ਲੋਕਾਂ ਦੇ ਘਰ ਬਰਬਾਦ ਨਾ ਕਰਨ। ਉਨ੍ਹਾਂ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ 5 ਜੁਲਾਈ ਤੱਕ ਨਸ਼ਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਇਸ ਤੋਂ ਬਾਅਦ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਖਿਲਾਫ ਇਹੋ ਜਿਹੀ ਮੁਹਿੰਮ ਵਿੱਢੀ ਜਾਵੇਗੀ ਕਿ ਉਹ ਆਪਣੇ ਆਪ ਨਸ਼ੇ ਦਾ ਵਪਾਰ ਬੰਦ ਕਰਨ ਲਈ ਮਜ਼ਬੂਰ ਹੋ ਜਾਣਗੇ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਚਿੱਟਾ ਵੇਚਣ ਵਾਲਿਆਂ ਨੂੰ ਖੁੱਲ੍ਹੀ ਚਿਤਾਵਨੀ ਦਿੰਦੇ ਹੋਏ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਵੀ ਕੋਸਿਆ। ਇਸ ਮੌਕੇ ਉਨ੍ਹਾਂ ਸਮੂਹ ਪੰਜਾਬ ਵਾਸੀਆਂ ਅਪੀਲ ਕੀਤੀ ਕਿ ਉਹ ਇਸ ਵੱਡੀ ਲਡ਼ਾਈ ਨੂੰ ਇਕੱਠੇ ਹੋ ਕੇ ਲਡ਼ਨ ਤਾਂ ਜੋ ਨਸ਼ੇ ਦੇ ਫੈਲੇ ਹੋਏ ਜਾਲ ਦੀਆਂ ਵੱਡੀਆਂ ਮੱਛੀਆਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਮੌਡ਼ ਕਲਾਂ ਵਿਖੇ ਭਾਰੀ ਗਿਣਤੀ ਅੌਰਤਾਂ ਨੇ ਵੀ ਇਸ ਚਿਤਾਵਨੀ ਮਾਰਚ ’ਚ ਸ਼ਾਮਲ ਹੁੰਦੇ ਹੋਏ ਆਪਣਾ ਦੁੱਖ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਦੇ ਬੱਚੇ ਵੀ ਨਸ਼ਾਂ ਤਸਕਰਾਂ ਦੀ ਕਾਲੀ ਕਮਾਈ ਦੇ ਲਾਲਚ ਕਾਰਨ ਨਸ਼ੇ ਦੀ ਦਲਦਲ ’ਚ ਫਸਦੇ ਜਾ ਰਹੇ ਹਨ। ਉਨ੍ਹਾਂ ਥਾਂ ਥਾਂ ’ਤੇ ਖਿਲਰੀਆਂ ਪਈਆਂ ਸਰਿੰਜਾਂ ਵੀ ਮਾਰਚ ਕਰਨ ਵਾਲਿਆਂ ਨੂੰ ਦਿਖਾਈਆ। ਇਸ ਮੌਕੇ ਬਾਬਾ ਹਰਦੀਪ ਸਿੰਘ ਗੁਰੂਸਰ, ਹਰਪਾਲ ਸਿੰਘ ਢਿੱਲੋਂ, ਮਿੰਟੂ ਸਿੰਘ ਭੈਣੀ ਚੂਹਡ਼, ਗੁਰਲਾਲ ਸਿੰਘ, ਸਿਕੰਦਰ ਸਿੰਘ, ਚਮਕੌਰ ਸਿੰਘ, ਪਰਮਿੰਦਰ ਸਿੰਘ ਗਹਿਰੀ, ਹਰਦੀਪ ਸਿੰਘ ਲਾਲੀ, ਹਰਦੇਵ ਸਿੰਘ ਹੈਰੀ, ਸੁਖਪ੍ਰੀਤ ਸਿੰਘ ਸੁੱਖੀ, ਜਗਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਵਿੰਦਰ ਸਿੰਘ, ਰਵੀ ਬਾਬਾ, ਵਿਪਨਦੀਪ ਸਿੰਘ ਤੋਂ ਇਲਾਵਾ ਭਾਰੀ ਗਿਣਤੀ ’ਚ ਨੌਜਵਾਨ ਤੇ ਇਲਾਕਾ ਵਾਸੀ ਮੌਜੂਦ ਸਨ।
ਮੈਡੀਕਲ ਸਟੋਰ ਸੰਚਾਲਕ ਤੇ ਪੁਲਸ ’ਤੇ ਲੱਗੇ ਨੌਜਵਾਨ ਨੂੰ ਝੂਠੇ ਮਾਮਲੇ ’ਚ ਫਸਾਉਣ ਦੇ ਦੋਸ਼
NEXT STORY